ਇਸ ਦੁਨੀਆਂ ਵਿੱਚ ਅਲੱਗ ਅਲੱਗ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਹਰ ਕਿਸੇ ਨੂੰ ਆਪਣੇ ਧਰਮ ਨਾਲ ਪਿਆਰ ਹੈ। ਇਸ ਤੋਂ ਬਿਨਾਂ ਕਈ ਭਾਈਚਾਰਿਆਂ ਦਾ ਵਿਸ਼ੇਸ਼ ਪਹਿਰਾਵਾ ਵੀ ਹੈ। ਜਿਵੇਂ ਕਿ ਸਿੱਖ ਦਸਤਾਰ ਸਜਾਉਂਦੇ ਹਨ। ਜੋ ਕਿ ਸਨਮਾਨ ਦਾ ਪ੍ਰਤੀਕ ਹੈ। ਜੇਕਰ ਦਸਤਾਰ ਪ੍ਰਤੀ ਕੋਈ ਗਲਤ ਟਿੱਪਣੀ ਕਰੇ ਤਾਂ ਇਸ ਭਾਈਚਾਰੇ ਵਿੱਚ ਰੋਸ ਪੈਦਾ ਹੋਣਾ ਕੁਦਰਤੀ ਹੈ।

ਇਟਲੀ ਵਿੱਚ ਵਾਪਰੀ ਘਟਨਾ ਨੇ ਦੁਨੀਆਂ ਭਰ ਦੇ ਸਿੱਖਾਂ ਨੂੰ ਨਰਾਜ ਕੀਤਾ ਹੈ। ਅਸਲ ਵਿੱਚ ਇੱਥੇ ਇੱਕ ਵੈਟਰਨਰੀ ਕਲੀਨਿਕ ਵਾਲਿਆਂ ਨੇ ਅਜਿਹੀ ਹਰਕਤ ਕੀਤੀ ਹੈ। ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ। ਵੈਟਰਨਰੀ ਕਲੀਨਿਕ ਵਾਲਿਆਂ ਨੇ ਜੋ ਪ੍ਰਚਾਰ ਸਮੱਗਰੀ ਤਿਆਰ ਕੀਤੀ, ਉਸ ਇੱਕ ਤਸਵੀਰ ਵਿੱਚ ਕੁੱਤੇ ਦੇ ਸਿਰ ਤੇ ਦਸਤਾਰ ਸਜਾ ਦਿੱਤੀ।

ਇਸ ਤਸਵੀਰ ਨੂੰ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਲਗਾਇਆ ਗਿਆ। ਜਦੋਂ ਇੱਕ ਗੁਰਸਿੱਖ ਨੇ ਇਹ ਤਸਵੀਰ ਦੇਖੀ ਤਾਂ ਉਸ ਨੇ ਵੈਟਰਨਰੀ ਕਲੀਨਿਕ ਵਾਲਿਆਂ ਨਾਲ ਸੰਪਰਕ ਕਰਕੇ ਇਤਰਾਜ਼ ਜਤਾਇਆ। ਮਾਮਲਾ ਇਟਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ।

ਵਿਸ਼ਵ ਭਰ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਹੋ ਰਹੇ ਇਤਰਾਜ਼ ਦਾ ਇਹ ਅਸਰ ਹੋਇਆ ਕਿ ਕਲੀਨਿਕ ਵਾਲਿਆਂ ਨੇ ਇਹ ਤਸਵੀਰਾਂ ਹਟਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਅਜਿਹੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉਹ ਹਟਾ ਦਿੱਤੀਆਂ ਜਾਣਗੀਆਂ। ਭਾਵੇਂ ਇਹ ਤਸਵੀਰਾਂ ਬੱਸਾਂ ਪਿੱਛੇ ਲਗਾਈਆਂ ਗਈਆਂ ਹਨ ਅਤੇ ਭਾਵੇਂ ਸੋਸ਼ਲ ਮੀਡੀਆ ਤੇ ਦਿੱਤੇ ਇਸ਼ਤਿਹਾਰਾਂ ਵਿੱਚ ਨਜ਼ਰ ਆ ਰਹੀਆਂ ਹਨ।
ਦੂਜੇ ਪਾਸੇ ਇਟਲੀ ਦੇ ਸਿੱਖ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਜਲਦੀ ਤੋਂ ਜਲਦੀ ਹਰ ਮੰਚ ਤੋਂ ਇਹ ਤਸਵੀਰਾਂ ਨਾ ਹਟਾਈਆਂ ਗਈਆਂ ਤਾਂ ਉਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੈਟਰਨਰੀ ਕਲੀਨਿਕ ਵਾਲਿਆਂ ਵੱਲੋਂ ਕੀਤੀ ਗਈ ਇਸ ਹਰਕਤ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਟਲੀ ਵਿੱਚ ਵੀ ਕਾਫੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜੋ ਇਸ ਮੁਲਕ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।