3 ਅਕਤੂਬਰ 1954 ਨੂੰ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਪਿਤਾ ਸੁਬਈਆ ਅਤੇ ਮਾਤਾ ਨਾਥੰਬਲ ਦੇ ਘਰ ਜਨਮ ਲੈਣ ਵਾਲੇ ਰੰਗਾ ਰਾਜ ਸੁਬਈਆ ਨੂੰ ਅੱਜ ਹਰ ਕੋਈ ਸੱਤਿਆਰਾਜ ਵਜੋਂ ਜਾਣਦਾ ਹੈ। ਉਹ ਅਦਾਕਾਰ ਹੋਣ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਸੱਤਿਆਰਾਜ ਨੂੰ ਫਿਲਮਾਂ ਵਿੱਚ ਕੰਮ ਕਰਨ ਕਰਕੇ ਹੁਣ ਤੱਕ ਦਰਜਨ ਤੋਂ ਵੀ ਜ਼ਿਆਦਾ ਅਵਾਰਡ ਮਿਲ ਚੁੱਕੇ ਹਨ। ਸੱਤਿਆਰਾਜ ਦੇ ਪਿਤਾ ਡਾਕਟਰ ਸਨ ਜਦਕਿ ਮਾਤਾ ਇੱਕ ਘਰੇਲੂ ਕੰਮਕਾਜੀ ਔਰਤ। ਸੱਤਿਆਰਾਜ 2 ਭੈਣਾਂ ਕਲਪਨਾ ਅਤੇ ਰੂਪਾ ਸੈਨਾਪਤੀ ਦੇ ਭਰਾ ਹਨ।

ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕੋਇੰਬਟੂਰ ਤੋਂ ਹੀ ਕੀਤੀ ਅਤੇ ਫੇਰ ਇੱਥੋਂ ਦੇ ਹੀ ਗਵਰਨਮੈਂਟ ਆਰਟਸ ਕਾਲਜ ਵਿੱਚ ਪੜ੍ਹਨ ਲੱਗ ਗਏ। ਇੱਥੋਂ ਉਨ੍ਹਾਂ ਨੇ ਬਨਸਪਤੀ ਵਿਗਿਆਨ ਵਿੱਚ ਗਰੈਜੂਏਸ਼ਨ ਕੀਤੀ। 1979 ਵਿੱਚ ਉਨ੍ਹਾਂ ਦਾ ਵਿਆਹ ਮਹੇਸ਼ਵਰੀ ਨਾਲ ਹੋ ਗਿਆ। ਇਨ੍ਹਾਂ ਦਾ ਇੱਕ ਪੁੱਤਰ ਸਿਬੀ ਸੱਤਿਆਰਾਜ ਅਤੇ ਇੱਕ ਧੀ ਹੈ।

ਪੁੱਤਰ ਫਿਲਮਾਂ ਵਿੱਚ ਕੰਮ ਕਰਦਾ ਹੈ। ਸੱਤਿਆਰਾਜ ਨੂੰ ਬਚਪਨ ਤੋਂ ਹੀ ਫਿਲਮਾਂ ਦੇਖਣ ਦਾ ਸ਼ੌਕ ਸੀ। ਉਹ ਐੱਮ ਜੀ ਰਾਮਾ ਚੰਦਰਨ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਰਜੇਸ਼ ਖੰਨਾ ਦੇ ਪ੍ਰਸੰਸਕ ਸਨ। ਉਹ ਖੁਦ ਵੀ ਫਿਲਮਾਂ ਵਿੱਚ ਕੰਮ ਕਰਨ ਦੇ ਚਾਹਵਾਨ ਸਨ ਪਰ ਉਨ੍ਹਾਂ ਦੀ ਮਾਤਾ ਨੂੰ ਉਨ੍ਹਾਂ ਦਾ ਇਹ ਸ਼ੌਕ ਚੰਗਾ ਨਹੀਂ ਸੀ ਲੱਗਦਾ।

ਉਹ ਫਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਨੂੰ ਲੈ ਕੇ ਕੋਇੰਬਟੂਰ ਤੋਂ ਚੇਨੱਈ ਆ ਗਏ। ਇੱਥੇ ਉਹ ਕਈ ਮਹੀਨੇ ਫਿਲਮਾਂ ਵਿੱਚ ਕੰਮ ਲੱਭਦੇ ਰਹੇ ਪਰ ਕੋਈ ਗੱਲ ਨਹੀਂ ਬਣੀ। ਇੱਕ ਦਿਨ ਉਹ ਹੀਰੋ ਸ਼ਿਵ ਕੁਮਾਰ ਦੀ ਫਿਲਮ ‘ਅੰਨਾਕਿਲੀ’ ਦੀ ਸ਼ੂਟਿੰਗ ਦੇਖਣ ਲਈ ਗਏ। ਉੱਥੇ ਉਨ੍ਹਾਂ ਨੂੰ ਕਿਸੇ ਤਰਾਂ ਹੀਰੋ ਸ਼ਿਵ ਕੁਮਾਰ ਅਤੇ ਨਿਰਮਾਤਾ ਤਿਰੂਪੁਰ ਮੇਨੀਅਨ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ।

ਉਨ੍ਹਾਂ ਨੇ ਸ਼ਿਵ ਕੁਮਾਰ ਤੋਂ ਫਿਲਮਾਂ ਵਿੱਚ ਕੰਮ ਦੀ ਮੰਗ ਕੀਤੀ ਪਰ ਸ਼ਿਵ ਕੁਮਾਰ ਉਨ੍ਹਾਂ ਦੀਆਂ ਗੱਲਾਂ ਤੋਂ ਕੁਝ ਪ੍ਰਭਾਵਿਤ ਨਾ ਹੋਏ ਅਤੇ ਉਨ੍ਹਾਂ ਨੂੰ ਆਪਣੇ ਘਰ ਵਾਪਸ ਮੁੜ ਜਾਣ ਦੀ ਸਲਾਹ ਦਿੱਤੀ। ਇਸ ਤਰਾਂ ਹੀ ਸੱਤਿਆਰਾਜ ਨੇ ਚੇਨੱਈ ਘੁੰਮਦੇ ਹੋਏ ਹੋਰ ਕਈ ਮਹੀਨੇ ਗੁਜ਼ਾਰ ਦਿੱਤੇ। ਅਖੀਰ ਉਹ ਕੋਮਲ ਸਵਾਮੀ ਨਾਥਨ ਦੀ ਨਾਟਕ ਮੰਡਲੀ ਵਿੱਚ ਸ਼ਾਮਲ ਹੋ ਗਏ।

ਜਦਕਿ ਇਸ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਮਾਮੂਲੀ ਜਿਹੇ ਰੋਲ ਮਿਲਦੇ ਰਹੇ ਸਨ। ਨਿਰਮਾਤਾ ਕਮਲ ਹਸਨ ਦੀ ਫਿਲਮ ‘ਕਦਮਾਈ ਕੰਨਿਅਮ ਕੱਟਪਡੂ’ ਵਿੱਚ ਸੱਤਿਆਰਾਜ ਹੀਰੋ ਬਣ ਗਏ। 1985 ਤੱਕ ਸੱਤਿਆਰਾਜ ਨੂੰ ਲਗਭਗ 4 ਦਰਜਨ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਦੇ ਇਹ ਰੋਲ ਜ਼ਿਆਦਾਤਰ ‘ਵਿਲੇਨ’ ਜਾਂ ‘ਸਹਾਇਕ’ ਵਜੋਂ ਨਿਭਾਏ ਗਏ ਸਨ। 1985 ਵਿੱਚ ਉਨ੍ਹਾਂ ਨੇ ਫਿਲਮ ‘ਸਾਵੀ’ ਕੀਤੀ। 1986 ਵਿੱਚ ਉਨ੍ਹਾਂ ਨੂੰ ਰਜਨੀਕਾਂਤ ਨਾਲ ਫਿਲਮ ‘ਮਿਸਟਰ ਭਰਤ’ ਵਿੱਚ ਦੇਖਿਆ ਗਿਆ। ਇਸ ਫਿਲਮ ਦੀ ਕਾਰਗੁਜ਼ਾਰੀ ਵਧੀਆ ਰਹੀ। ਇਸ ਤਰਾਂ ਹੀ ਉਨ੍ਹਾਂ ਨੂੰ ਫਿਲਮ ‘ਵਿਕਰਮ’ ਵਿੱਚ ਵਧੀਆ ਕਿਰਦਾਰ ਮਿਲਿਆ।

‘ਧਰਮਮ, ਮੋਥਲ ਬਸੰਤਮ ਅਤੇ ਕਡਲੌਰਾ ਕਵੀਦੈਗਲ’ ਫਿਲਮਾਂ ਵਿੱਚ ਉਨ੍ਹਾ ਨੇ ਨਾਇਕ ਦਾ ਕਿਰਦਾਰ ਅਦਾ ਕੀਤਾ। ਉਨ੍ਹਾਂ ਦੀ ‘ਕਡਲੌਰਾ ਕਵੀਦੈਗਲ’ ਫਿਲਮ ਸੁਪਰਹਿੱਟ ਹੋਈ। ਜੋ ਲਗਾਤਾਰ 200 ਦਿਨ ਤਾਮਿਲ ਇੰਡਸਟਰੀ ਵਿੱਚ ਲੱਗੀ ਰਹੀ। 1990 ਤੱਕ ਸੱਤਿਆਰਾਜ ਹੀਰੋ ਦੇ ਤੌਰ ਤੇ 30 ਫਿਲਮਾਂ ਕਰ ਚੁੱਕੇ ਸਨ।

1990 ਵਿੱਚ ਆਈ ਉਨ੍ਹਾਂ ਦੀ ਫਿਲਮ ‘ਨਦੀਗਨ’ ਬਲਾਕਬਸਟਰ ਰਹੀ। ਇਸ ਫਿਲਮ ਨੇ ਕਈ ਅਵਾਰਡ ਵੀ ਹਾਸਲ ਕੀਤੇ ਜਦਕਿ ਉਨ੍ਹਾਂ ਨੂੰ ਆਪ ਨੂੰ ਬੈਸਟ ਐਕਟਰ ਵਜੋਂ ਕਈ ਨੌਮੀਨੇਸ਼ਨ ਮਿਲੇ। ਉਨ੍ਹਾਂ ਦੀਆਂ ‘ਬਰਮਾ, ਵਾਲਟਰ ਵੈਟਰੀਵਲ, ਰਿਕਸ਼ਾ ਮਾਮਾ, ਠੇਰਕੂ ਥੇਰੂ ਮਚਾਨ’ ਆਦਿ ਫਿਲਮਾਂ ਸੁਪਰ ਡੁਪਰ ਹਿੱਟ ਕਹੀਆਂ ਜਾ ਸਕਦੀਆਂ ਹਨ।

1995 ਵਿੱਚ ਉਨ੍ਹਾਂ ਨੇ ‘ਵਿਲਾਇਤੀ ਵਿਲੇਨ’ ਫਿਲਮ ਡਾਇਰੈਕਟ ਕੀਤੀ। ਉਨ੍ਹਾਂ ਨੇ ਇਸ ਫਿਲਮ ਵਿੱਚ 3 ਵੱਖ ਵੱਖ ਕਿਰਦਾਰ ਨਿਭਾਏ। ਇਸ ਫਿਲਮ ਵਿੱਚ ਨਾਇਕਾ ਦੀ ਭੂਮਿਕਾ ਨਗਮਾ ਨੇ ਨਿਭਾਈ। ਇਹ ਫਿਲਮ ਬਲਾਕਬਸਟਰ ਰਹੀ। 2007 ਵਿੱਚ ਉਨ੍ਹਾਂ ਨੂੰ ‘ਓੰਬਧੂ ਰੂਬਈ ਨੋਟੂ’ ਫਿਲਮ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ।

ਬਾਲੀਵੁੱਡ ਫਿਲਮ ‘ਚੇਨੱਈ’ ਵਿੱਚ ਉਹ ਦੀਪਿਕਾ ਪਾਦੂਕੋਣ ਦੇ ਪਿਤਾ ਦੇ ਰੂਪ ਵਿੱਚ ਦੇਖੇ ਗਏ। 2015 ਵਿੱਚ ਉਨ੍ਹਾਂ ਨੇ ‘ਬਾਹੂਬਲੀ’ ਵਿੱਚ ਵੀ ਹਾਜ਼ਰੀ ਲਗਵਾਈ। ਉਨ੍ਹਾਂ ਨੇ ਹੁਣ ਤੱਕ 200 ਦੇ ਲਗਭਗ ਫਿਲਮਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਦੇ ਨਾਮ ‘ਰਾਸਕਲਸ, ਵੇੰਗਾਇਮ, ਕਲਾਵਰਸ, ਪੋੰਨਰ ਸ਼ੰਕਰ, ਗੋਵਰਾਵਰਗਲ, ਕੁਲਸੇਕੇਰਾਨਮ, ਕੁਲੀਪਡਯੁਮ,

ਆਈਰਾਮ ਵਿਲਾਕੁ, ਮੁਰੀਏਡੀ, ਸਾਵੀ, ਥਿਰਮਈ, ਮੁਦਲ ਮਰਿਆਥਈ, ਪਾਗਲ ਨਿਲਵੁ, ਵਿਕਰਮ, ਮਿਸਟਰ ਭਰਤ, ਧਰਮਮ, ਰਸਿਮਨ ਓਰੂ ਰਸਿਗਾਈ, ਜਲੀਕੱਟ, ਜੀਵਾ, ਪਿੱਕ ਪਾਕੇਟ, ਥਾਈ ਨਾਡੂ, ਪੰਗਾਲੀ, ਵੀਰਾ ਪਦਕਮ, ਥੈਮਾਮਨ, ਵੈਲਾਲ, ਕਲਿਆਣ ਗਲਾਟਾ, ਅਸਥਲ, ਜੋਰ, ਅਲਗੇਸਨ ਆਦਿ ਹਨ।