ਕਨਸੋਆਂ ਮਿਲ ਰਹੀਆਂ ਹਨ ਕਿ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਤਿਆਰੀ ਹੈ। ਕਈਆਂ ਨੂੰ ਤਾਂ ਨੋਟਿਸ ਵੀ ਦੇ ਦਿੱਤੇ ਗਏ ਹਨ। ਕਈ ਤਾਂ ਇਹ ਗਿਣਤੀ 700 ਦੱਸ ਰਹੇ ਹਨ ਪਰ ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।
ਏਜੰਸੀ ਮੁਤਾਬਕ ਇਹ ਮਾਮਲਾ ਕਿਸੇ ਦੀ ਨਿੱਜਤਾ ਨਾਲ ਜੁੜਿਆ ਹੋਇਆ ਹੈ। ਦੁਜੇ ਪਾਸੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਕੈਨੇਡਾ ਸਰਕਾਰ ਵੱਲੋਂ ਨੋਟਿਸ ਮਿਲੇ ਹਨ, ਉਨ੍ਹਾਂ ਵਿਦਿਆਰਥੀਆਂ ਦਾ ਇੱਕ ਵਟਸ ਐਪ ਗਰੁੱਪ ਬਣ ਚੁੱਕਾ ਹੈ। ਜਿਸ ਵਿੱਚ ਲਗਭਗ 70 ਵਿਦਿਆਰਥੀ ਜੁੜ ਚੁੱਕੇ ਹਨ।
ਇਸ ਗਰੁੱਪ ਵਿੱਚ ਜਿੰਨੇ ਵਿਦਿਆਰਥੀ ਸ਼ਾਮਲ ਹੋਣਗੇ, ਉਸ ਤੋਂ ਵੀ ਇਸ ਗਿਣਤੀ ਦਾ ਕਿਸੇ ਹੱਦ ਤੱਕ ਪਤਾ ਲੱਗ ਸਕਦਾ ਹੈ। ਪਿਛਲੇ ਸਾਲ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਇਹ ਨੋਟਿਸ ਮਿਲੇ ਸਨ। ਸਭ ਤੋਂ ਪਹਿਲਾਂ ਨੋਟਿਸ ਫਰੀਦਕੋਟ ਨਾਲ ਸਬੰਧਿਤ ਵਿਦਿਆਰਥਣ ਕਰਮਜੀਤ ਕੌਰ ਨੂੰ ਮਿਲਿਆ ਸੀ। ਜਿਸ ਨੇ 2021 ਵਿੱਚ ਕੈਨੇਡਾ ਦੀ ਪੀ ਆਰ ਲੈਣ ਲਈ ਫਾਈਲ ਲਗਾਈ ਸੀ।
ਕਿਹਾ ਜਾ ਰਿਹਾ ਹੈ ਕਿ ਟਰੈਵਲ ਏਜੰਟ ਨੇ ਇਨ੍ਹਾਂ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ। ਉਸ ਨੇ ਹੀ ਇਨ੍ਹਾਂ ਦੇ ਦਸਤਾਵੇਜ਼ ਤਿਆਰ ਕੀਤੇ ਸਨ। ਜਲੰਧਰ ਪੁਲਿਸ ਨੇ ਇੱਕ ਏਜੰਟ ਦਾ ਪਤਾ ਵੀ ਲਗਾ ਲਿਆ ਹੈ। ਜਿਸ ਦਾ ਨਾਮ ਬ੍ਰਿਜੇਸ਼ ਮਿਸ਼ਰਾ ਹੈ ਅਤੇ ਉਹ ਬਿਹਾਰ ਨਾਲ ਸਬੰਧਿਤ ਹੈ। ਉਸ ਨੇ ਜਲੰਧਰ ਵਿੱਚ ਐਜੂਕੇਸ਼ਨ ਮਾਈਗਰੇਸ਼ਨ ਸਰਵਿਸ ਦੇ ਨਾਮ ਹੇਠ ਦਫ਼ਤਰ ਖੋਲ੍ਹਿਆ ਹੋਇਆ ਸੀ। ਜੋ ਲਗਭਗ 6 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਵਿਦਿਆਰਥੀਆਂ ਨੂੰ ਨੋਟਿਸ ਮਿਲੇ ਹਨ, ਉਨ੍ਹਾਂ ਵਿੱਚੋਂ ਕਈਆਂ ਨੂੰ ਇਸ ਫਰਮ ਦੁਆਰਾ ਭੇਜਿਆ ਗਿਆ ਸੀ। ਇਸ ਫਰਮ ਨੂੰ ਪੰਜਾਬ ਟਰੈਵਲ ਐਂਡ ਪ੍ਰੋਫੈਸ਼ਨਲ ਰੈਗੂਲੇਟਰ ਐਕਟ ਅਧੀਨ ਰਜਿਟਰਡ ਵੀ ਕਰਵਾਇਆ ਗਿਆ ਸੀ ਪਰ ਇਸ ਸਮੇਂ ਇਸ ਦਾ ਲਾਇਸੰਸ ਮੁਲਤਵੀ ਹੈ। ਇਸ ਫਰਮ ਦੇ ਇੱਕ ਹਿੱਸੇਦਾਰ ਦਾ ਨਾਂ ਰਾਹੁਲ ਭਾਰਗਵ ਹੈ।
ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਨੂੰ 10 ਸਾਲ ਪਹਿਲਾਂ ਵੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ਰਾਹੀਂ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ ਸੀ। ਉਸ ਵੇਲੇ ਉਹ ਈਜ਼ੀ ਵੇਅ ਇਮੀਗਰੇਸ਼ਨ ਕਨਸਲਟੈੰਸੀ ਨਾਮ ਹੇਠ ਫਰਮ ਚਲਾ ਰਿਹਾ ਸੀ। 2013 ਵਿੱਚ ਇੱਥੋਂ ਨਕਦੀ ਅਤੇ ਪਾਸਪੋਰਟ ਜ਼ਬਤ ਕੀਤੇ ਗਏ ਸਨ।
ਭਾਰਗਵ ਇਸ ਫਰਮ ਦਾ ਡਾਇਰੈਕਟਰ ਸੀ। ਫਰਮ ਬੰਦ ਹੋ ਜਾਣ ਕਾਰਨ ਫਿਰ ਇਨ੍ਹਾਂ ਨੇ ਅਪਣਾ ਕੰਮ ਜਲੰਧਰ ਵਿੱਚ ਸ਼ੁਰੂ ਕਰ ਲਿਆ। ਸਿਹਤ ਮੰਤਰੀ ਬਲਵੀਰ ਸਿੰਘ ਨੇ ਇਨ੍ਹਾਂ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਕਾਰਵਾਈ ਦਾ ਸਾਹਮਣਾ ਕਰ ਰਹੇ 400 ਵਿਦਿਆਰਥੀਆਂ ਦੀ ਅਜੇ ਵੈਰੀਫਿਕੇਸ਼ਨ ਹੋਣੀ ਬਾਕੀ ਹੈ।