ਅੱਜਕੱਲ੍ਹ ਅਵਾਜ਼ ਪ੍ਰਦੂਸ਼ਣ ਤਾਂ ਹਰ ਪਾਸੇ ਹੀ ਫੈਲਿਆ ਹੋਇਆ ਹੈ। ਜਦੋਂ ਸਾਡੇ ਨੇੜੇ ਦੇ ਇਲਾਕੇ ਵਿੱਚ ਕਿਧਰੇ ਵਿਆਹ ਜਾਂ ਕੋਈ ਹੋਰ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਇਸ ਸਮਾਗਮ ਵਿੱਚ ਲੱਗੇ ਹੋਏ ਡੀ ਜੇ ਕਾਰਨ ਅਵਾਜ਼ ਪ੍ਰਦੂਸ਼ਣ ਹੋਰ ਵੀ ਵਧ ਜਾਂਦਾ ਹੈ। ਸਾਨੂੰ ਇੱਕ ਦੂਜੇ ਦੀ ਗੱਲ ਸੁਣਾਈ ਨਹੀਂ ਦਿੰਦੀ।
ਨਾ ਚਾਹੁੰਦੇ ਹੋਏ ਵੀ ਡੀ ਜੇ ਦੀ ਇਹ ਉੱਚੀ ਅਵਾਜ਼ ਸਾਡੇ ਕੰਨਾਂ ਵਿੱਚ ਹਥੌੜੇ ਵਾਂਗ ਵੱਜਦੀ ਹੈ। ਇਸ ਦੇ ਨਾਲ ਹੀ ਤੇਜ਼ ਰੋਸ਼ਨੀ ਬਿਖੇਰਨ ਵਾਲੀਆਂ ਜੋ ਲਾਈਟਾਂ ਲਗਾਈਆਂ ਜਾਂਦੀਆਂ ਹਨ, ਉਨ੍ਹਾਂ ਕਾਰਨ ਵੀ ਆਮ ਵਿਅਕਤੀ ਅਸਹਿਜ ਮਹਿਸੂਸ ਕਰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਉੱਚਾ ਅਵਾਜ਼ ਪ੍ਰਦੂਸ਼ਣ ਅਤੇ ਤੇਜ਼ ਰੰਗ ਬਿਰੰਗੀ ਰੋਸ਼ਨੀ ਦਿਲ ਦਾ ਦੌਰਾ ਪੈਣ ਦਾ ਵੀ ਕਾਰਨ ਬਣ ਸਕਦੀ ਹੈ।
ਬਿਹਾਰ ਦੇ ਸੀਤਾਮੜ੍ਹੀ ਵਿੱਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਡੀ ਜੇ ਦੀ ਉੱਚੀ ਅਵਾਜ਼ ਨਾ ਸਹਾਰਦਾ ਹੋਇਆ ਲਾੜਾ ਸੁਰਿੰਦਰ ਕੁਮਾਰ ਵਾਸੀ ਮਨੀਥਰ ਪਿੰਡ ਪਰਿਹਾਰ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਸਮੇਂ ਜੈ ਮਾਲਾ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਤਸਵੀਰਾਂ ਖਿਚਵਾਈਆਂ ਜਾ ਰਹੀਆਂ ਸਨ। ਸੁਰਿੰਦਰ ਵਾਰ ਵਾਰ ਕਹਿ ਰਿਹਾ ਸੀ ਕਿ ਡੀ ਜੇ ਦੂਰ ਲਿਜਾਇਆ ਜਾਵੇ ਪਰ ਉਸ ਦੀ ਗੱਲ ਵੱਲ ਕਿਸੇ ਨੇ ਵੀ ਕੋਈ ਖਾਸ ਧਿਆਨ ਨਾ ਦਿੱਤਾ। ਜਦੋਂ ਸੁਰਿੰਦਰ ਬੇਹੋਸ਼ ਹੋ ਕੇ ਡਿੱਗ ਪਿਆ ਤਾਂ ਉਸ ਨੂੰ ਨਿੱਜੀ ਹਸਪਤਾਲ ਲੈ ਗਏ ਪਰ ਉੱਥੋਂ ਉਸ ਨੂੰ ਸਦਰ ਹਸਪਤਾਲ ਲਿਜਾਣ ਲਈ ਕਿਹਾ ਗਿਆ।
ਜਦੋਂ ਉਸ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਡਾਕਟਰਾਂ ਦਾ ਮੰਨਣਾ ਹੈ ਕਿ ਸੁਰਿੰਦਰ ਕੁਮਾਰ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਨਾਲ ਉਸ ਦੀ ਜਾਨ ਚਲੀ ਗਈ ਹੈ। ਹਸਪਤਾਲ ਤੋਂ ਮਿਲੀ ਖਬਰ ਤੋਂ ਬਾਅਦ ਚਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ।
ਵਿਆਹ ਵਿੱਚ ਤਿਆਰ ਕੀਤੇ ਪਕਵਾਨ ਧਰੇ ਧਰਾਏ ਰਹਿ ਗਏ। ਮਿਰਤਕ 3 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦੀ ਉਮਰ 30 ਸਾਲ ਸੀ। ਉਸ ਦੇ ਮਾਤਾ ਪਿਤਾ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਚੁੱਕੇ ਹਨ। ਪਤਾ ਲੱਗਾ ਹੈ ਕਿ ਸੁਰਿੰਦਰ ਨੇ ਰੇਲਵੇ ਗਰੁੱਪ ਡੀ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੋਈ ਸੀ।