“ਦ ਗ੍ਰੇਟ ਖਲੀ” ਦੀਆਂ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ

ਸੱਚੀ ਲਗਨ ਨਾਲ ਕੀਤੀ ਹੋਈ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ ਅਤੇ ਇਨਸਾਨ ਕਦਮ-ਦਰ-ਕਦਮ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ। ਇਸ ਦੀ ਉਦਾਹਰਣ ਹੈ, ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ। ਜੋ ਇੱਕ ਮਜ਼ਦੂਰ ਤੋਂ ਡਬਲਿਊ ਡਬਲਿਊ ਈ ਚੈੰਪੀਅਨ ਬਣ ਗਏ। ਇੱਥੋਂ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।

ਉਹ ਪੇਸ਼ੇ ਤੋਂ ਭਲਵਾਨ, ਕੁਸ਼ਤੀ ਪ੍ਰਮੋਟਰ ਅਤੇ ਅਦਾਕਾਰ ਹਨ। ਦਲੀਪ ਸਿੰਘ ਰਾਣਾ ਹਿਮਾਚਲ ਪ੍ਰਦੇਸ਼ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 27 ਅਗਸਤ 1972 ਨੂੰ ਜ਼ਿਲ੍ਹਾ ਸਿਰਮੌਰ ਦੇ ਪਿੰਡ ਧੀਰੈਨਾ ਵਿੱਚ ਪਿਤਾ ਜਵਾਲਾ ਰਾਮ ਅਤੇ ਮਾਤਾ ਤਾਂਡੀ ਦੇਵੀ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ।

ਉਹ 7 ਭੈਣ ਭਰਾ ਹਨ। ਪਰਿਵਾਰ ਦੀ ਮਾਲੀ ਹਾਲਤ ਸੰਤੋਖਜਨਕ ਨਹੀਂ ਸੀ। ਜਿਸ ਕਰਕੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ। ਪਹਿਲਾਂ ਉਨ੍ਹਾਂ ਨੇ ਕੁਝ ਸਮਾਂ ਪੱਥਰ ਤੋੜਨ ਵਜੋਂ ਮਜ਼ਦੂਰੀ ਵੀ ਕੀਤੀ। ਫੇਰ ਉਹ ਸ਼ਿਮਲੇ ਜਾ ਕੇ ਸਕਿਓਰਟੀ ਗਾਰਡ ਦੀ ਨੌਕਰੀ ਕਰਨ ਲੱਗ ਗਏ। ਇੱਥੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੇਖ ਲਿਆ।

ਇਨ੍ਹਾਂ ਦੀ ਡੀਲਡੌਲ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਪੁਲਿਸ ਅਫਸਰ ਨੇ ਦਲੀਪ ਸਿੰਘ ਰਾਣਾ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦੀ ਪੇਸ਼ਕਸ਼ ਕੀਤੀ ਪਰ ਦਲੀਪ ਸਿੰਘ ਰਾਣਾ ਹਿਮਾਚਲ ਪ੍ਰਦੇਸ਼ ਨਹੀਂ ਸੀ ਛੱਡਣਾ ਚਾਹੁੰਦੇ। ਇਸ ਲਈ ਉਨ੍ਹਾਂ ਦੇ ਭਰਾ ਨੂੰ ਵੀ ਉਨ੍ਹਾਂ ਦੇ ਨਾਲ ਹੀ 1993 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਕਰ ਲਿਆ ਗਿਆ।

ਇੱਥੇ ਦੱਸਣਾ ਬਣਦਾ ਹੈ ਕਿ ਦਲੀਪ ਸਿੰਘ ਰਾਣਾ ਦਾ ਕੱਦ 7 ਫੁੱਟ 1 ਇੰਚ ਹੈ ਅਤੇ ਵਜ਼ਨ ਡੇਢ ਕੁਇੰਟਲ ਤੋਂ ਉੱਤੇ ਹੈ। ਉਹ ਸਰੀਰਕ ਤੌਰ ਤੇ ਇੱਕ ਖਾਸ ਕਿਸਮ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਜਿਸ ਨੂੰ ਐਕਰੋਮੈਗਲੀ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਸਰੀਰ ਦਾ ਵਜ਼ਨ ਵਧ ਜਾਂਦਾ ਹੈ। ਸਰੀਰ ਦੀਆਂ ਕਈ ਹੱਡੀਆਂ ਵਧ ਜਾਂਦੀਆਂ ਹਨ।

ਕਈ ਵਾਰ ਤਾਂ ਆਦਮੀ ਬੋਲ ਵੀ ਨਹੀਂ ਸਕਦਾ। ਸਰੀਰ ਵਿੱਚ ਟਿਊਮਰ ਵੀ ਹੋ ਜਾਂਦਾ ਹੈ। ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਉਹ ਜਲੰਧਰ ਆ ਗਏ। ਇੱਥੇ ਪਹੁੰਚ ਕੇ ਉਨ੍ਹਾਂ ਨੇ ਰੈਸਲਰ ਬਣਨ ਦੇ ਇਰਾਦੇ ਨਾਲ ਜਿੰਮ ਜਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਅਗਲੀ ਟਰੇਨਿੰਗ ਲਈ ਅਮਰੀਕਾ ਚਲੇ ਗਏ। 2000 ਵਿੱਚ ਉਨ੍ਹਾਂ ਨੇ ਏਪੀਡਬਲਿਊ ਵਿੱਚ ਡੈਬਿਊ ਦਿੱਤਾ।

2006 ਤੱਕ ਉਨ੍ਹਾ ਨੇ ਕਈ ਮੈਚਾਂ ਵਿੱਚ ਹਿੱਸਾ ਲਿਆ। 2006 ਵਿੱਚ ਉਨ੍ਹਾਂ ਨੇ ਡਬਲਿਊ ਡਬਲਿਊ ਈ ਵਿੱਚ ਜੁਆਇਨ ਕਰ ਲਿਆ। ਇੱਥੇ ਅੰਡਰਟੇਕਰ ਅਤੇ ਮਾਰਕ ਹੈਨਰੀ ਦਾ ਮੈਚ ਚੱਲ ਰਿਹਾ ਸੀ। ਚਲਦੇ ਮੈਚ ਦੌਰਾਨ ਉਹ ਅੰਡਰਟੇਕਰ ਨਾਲ ਭਿੜ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਪਰ ਹੁਣ ਉਨ੍ਹਾਂ ਨੂੰ ‘ਦ ਗ੍ਰੇਟ ਖਲੀ’ ਵਜੋਂ ਜਾਣਿਆ ਜਾਣ ਲੱਗਾ।

21 ਅਪਰੈਲ 2006 ਨੂੰ ਉਨ੍ਹਾਂ ਦਾ ਪਹਿਲਾ ਮੈਚ ਫੁਨਾਕੀ ਨਾਲ ਹੋਇਆ। ਜਿਸ ਵਿੱਚ ਖਲੀ ਜੇਤੂ ਰਹੇ। ਅਗਲੇ ਮੈਚ ਵਿੱਚ 12 ਮਈ ਨੂੰ ਉਹ ਰੀਮੈਸਟੀਰੀਓ ਤੋਂ ਜੇਤੂ ਰਹੇ। 21 ਮਈ ਦੇ ਮੈਚ ਵਿੱਚ ਖਲੀ ਦੀ ਟੱਕਰ ਅੰਡਰਟੇਕਰ ਨਾਲ ਹੋਈ। ਇਸ ਮੈਚ ਵਿੱਚ ਖਲੀ ਦੀ ਜਿੱਤ ਹੋਈ ਪਰ ਅਗਲਾ ਮੈਚ ਅੰਡਰਟੇਕਰ ਨੇ ਖਲੀ ਤੋਂ ਜਿੱਤ ਲਿਆ। 2015 ਵਿੱਚ ਗ੍ਰੇਟ ਖਲੀ ਨੇ ਪੰਜਾਬ ਵਿੱਚ ਕੰਟੀਨੈੰਟਲ ਰੈਸਲਿੰਗ ਇੰਟਰਟੇਨਮੈਂਟ ਸਕੂਲ ਖੋਲ੍ਹਿਆ।

ਜਿਸ ਵਿੱਚ ਰੈਸਲਿੰਗ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਖਲੀ ਧਾਰਮਿਕ ਵਿਚਾਰਾਂ ਦੇ ਇਨਸਾਨ ਹਨ। ਉਹ ਦਾ ਰੂ ਅਤੇ ਤੰਬਾਕੂ ਦੀ ਵਰਤੋਂ ਨਹੀਂ ਕਰਦੇ। 26 ਜੁਲਾਈ 2012 ਨੂੰ ਉਨ੍ਹਾਂ ਨੂੰ ਇੱਕ ਟਿਊਮਰ ਕਢਵਾਉਣ ਲਈ ਬਰੇਨ ਸਰਜਰੀ ਵੀ ਕਰਵਾਉਣੀ ਪਈ। ਉਨ੍ਹਾਂ ਨੇ ਇੰਡੀਅਨ ਟੀਵੀ ਸ਼ੋਅ ‘ਬਿੱਗ ਬਾਸ 2010’ ਵਿੱਚ ਵੀ ਹਿੱਸਾ ਲਿਆ।

ਉਹ ਕਈ ਬਾਲੀਵੁੱਡ ਅਤੇ ਹਾਲੀਵੁੱਡ ਫਿਲਮਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। 20 ਫਰਵਰੀ 2014 ਨੂੰ ਖਲੀ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ। ਉਨ੍ਹਾਂ ਨੂੰ 2008 ਵਿੱਚ ਇਸਲਾਮੀਆ ਅਵਾਰਡ ਮਿਲਿਆ। ਉਨ੍ਹਾਂ ਦੀ ਨੈਟਵਰਥ 16 ਮਿਲੀਅਨ ਡਾਲਰ ਭਾਵ 110 ਕਰੋੜ 34 ਲੱਖ 8 ਹਜ਼ਾਰ ਰੁਪਏ ਦੱਸੀ ਜਾਂਦੀ ਹੈ। 27 ਫਰਵਰੀ 2002 ਨੂੰ ਖਲੀ ਦਾ ਹਰਮਿੰਦਰ ਕੌਰ ਨਾਲ ਵਿਆਹ ਹੋ ਗਿਆ।

26 ਫਰਵਰੀ 2014 ਨੂੰ ਇਨ੍ਹਾਂ ਦੀ ਬੇਟੀ ਅਵਲੀਨ ਦ‍ਾ ਜਨਮ ਹੋਇਆ। ਖਲੀ ਕੋਲ 40 ਲੱਖ ਰੁਪਏ ਦੀ ਟੋਯੋਟਾ ਫਾਰਚੂਨਰ,10 ਲੱਖ ਰੁਪਏ ਦੀ ਟੋਯੋਟਾ ਗਲੈੰਜਾ ਅਤੇ 40 ਲੱਖ ਦੀ ਫੋਰਟ ਕਾਰ ਹੈ। ਉਨ੍ਹਾਂ ਕੋਲ ਹਿਮਾਚਲ ਪ੍ਰਦੇਸ਼ ਅਤੇ ਅਮਰੀਕਾ ਵਿੱਚ ਆਪਣਾ ਘਰ ਹੈ। ਖਲੀ ਇੱਕ ਮੂਵੀ ਵਿੱਚ ਕੰਮ ਕਰਨ ਦੇ 2 ਤੋਂ 5 ਕਰੋੜ ਰੁਪਏ ਤੱਕ ਲੈਂਦੇ ਹਨ।

ਉਨ੍ਹਾਂ ਨੇ 2005 ਵਿੱਚ ਦ ਲਾਂਗੈਸਟ ਯਾਰਡ, 2008 ਵਿੱਚ ਗੇਟ ਸਮਾਰਟ, 2010 ਵਿੱਚ ਮੈਕਗ੍ਰਬਰ, 2010 ਵਿੱਚ ਕੁਸ਼ਤੀ, 2010 ਵਿੱਚ ਰਾਮਾ, ਦ ਸੇਵੀਅਰ ਅਤੇ 2012 ਵਿੱਚ ਹੌਬਾ! ਆਨ ਦ ਟਰੇਲ ਆਫ ਮਾਰਸੂਪਿਲਾਸੀ ਆਦਿ ਫਿਲਮਾਂ ਕੀਤੀਆਂ। ਫਰਵਰੀ 2022 ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

Leave a Reply

Your email address will not be published. Required fields are marked *