ਇਹ ਖਬਰ ਬਾਲੀਵੁੱਡ ਨਾਲ ਸਬੰਧਿਤ ਹੈ। ਜਿਸ ਮੁਤਾਬਕ ਹਿੰਦੀ ਸਿਨੇਮਾ ਦੇ ਜਾਣੇ ਪਛਾਣੇ ਸ਼ਖਸ਼ ਸਤੀਸ਼ ਕੌਸ਼ਿਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਉਮਰ 66 ਸਾਲ ਸੀ ਅਤੇ ਉਹ ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ੍ਹ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੀ ਜਾਨ ਜਾਣ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਜਦੋਂ ਉਹ ਕਾਰ ਵਿੱਚ ਸਫਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਜਿਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਪ੍ਰਸ਼ੰਸਕ ਉਦਾਸ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਫਿਲਮਾਂ ਦੇਖਣ ਦਾ ਸ਼ੌਕ ਸੀ।

ਇਸੇ ਸ਼ੌਕ ਕਾਰਨ ਇੱਕ ਵਾਰ ਉਨ੍ਹਾਂ ਨੇ ਆਪਣੀ ਮਾਂ ਦੇ 5 ਰੁਪਏ ਚੁੱਕ ਕੇ ‘ਗਾਈਡ’ ਫਿਲਮ ਦੇਖੀ ਸੀ। ਸਤੀਸ਼ ਕੌਸ਼ਿਕ ਮਹਿਮੂਦ ਅਤੇ ਜਾਨੀ ਵਾਕਰ ਤੋਂ ਬਹੁਤ ਪ੍ਰਭਾਵਿਤ ਸਨ। ਇਸ ਲਈ ਉਹ ਕਾਮੇਡੀਅਨ ਬਣਨ ਦੇ ਚਾਹਵਾਨ ਸਨ। ਭਾਵੇਂ ਘਰੋਂ ਤਾਂ ਉਹ ਕਮੇਡੀਅਨ ਬਣਨ ਲਈ ਨਿਕਲੇ ਸਨ ਪਰ ਫਿਲਮ ਇੰਡਸਟਰੀ ਵਿੱਚ ਉਹ ਅਦਾਕਾਰ, ਨਿਰਮਾਤਾ, ਕਮੇਡੀਅਨ ਅਤੇ ਡਾਇਲਾਗ ਲੇਖਕ ਵਜੋਂ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਦਿੱਲੀ ਦੇ ਕਰੋੜੀ ਮੱਲ ਕਾਲਜ ਤੋਂ ਕੀਤੀ ਅਤੇ ਫਿਰ ਨੈਸ਼ਨਲ ਕਾਲਜ ਆਫ ਟਰਾਮਾ ਤੋਂ ਸਿੱਖਿਆ ਹਾਸਲ ਕਰਨ ਲੱਗੇ। ਇਸ ਮੌਜੂਦਾ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ। ਆਰਥਿਕ ਜ਼ਰੂਰਤ ਲਈ ਉਨ੍ਹਾਂ ਨੇ ਟੈਕਸਟਾਈਲ ਮਿੱਲ ਵਿੱਚ ਵੀ ਕੰਮ ਕੀਤਾ। ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਨੇ ‘ਮਾਸੂਮ’ ਫਿਲਮ ਵਿੱਚ ਸਿਰਫ 500 ਰੁਪਏ ਵਿੱਚ ਕੰਮ ਕੀਤਾ।

‘ਤੇਰੇ ਨਾਮ’ ਉਨ੍ਹਾਂ ਦੀ ਸਭ ਤੋਂ ਕਾਮਯਾਬ ਫਿਲਮ ਹੈ ਜਦਕਿ ‘ਵਾਅਦਾ’ ਰਿਲੀਜ਼ ਹੋਣ ਵਾਲੀ ਸੀ। ਸਤੀਸ਼ ਕੌਸ਼ਿਕ ਦੀ ਅਦਾਕਾਰੀ ‘ਰਾਮ ਲਖਨ, ਸਾਜਨ ਚਲੇ ਸਸੁਰਾਲ, ਜਾਨੇ ਭੀ ਦੋ ਯਾਰੋ ਅਤੇ ਮਿਸਟਰ ਇੰਡੀਆ’ ਵਿੱਚ ਦੇਖੀ ਜਾ ਸਕਦੀ ਹੈ।