ਪੰਜਾਬ ਦੇ ਗੁਰੂ ਘਰਾਂ ਵਿੱਚ ਹੁਣ ਤੱਕ ਇੱਕ ਨਹੀਂ ਸਗੋਂ ਅਨੇਕਾਂ ਵਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਆਮ ਤੌਰ ਤੇ ਹਰ ਵਾਰ ਇਹੋ ਗੱਲ ਸਾਹਮਣੇ ਆਉੰਦੀ ਹੈ ਕਿ ਬੇਅਦਬੀ ਕਰਨ ਵਾਲਾ ਜਾਂ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਪਰ ਸੁਆਲ ਇਹ ਵੀ ਉੱਠਦਾ ਹੈ ਕਿ ਅਜਿਹੇ ਵਿਅਕਤੀ ਗੁਰੂ ਘਰ ਵਿੱਚ ਆ ਕੇ ਹੀ ਕਿਉੰ ਅਜਿਹੀ ਹਰਕਤ ਕਰਦੇ ਹਨ।

ਕੀ ਇਸ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ? ਹੁਣ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਵਿੱਚ ਵੀ ਇਸ ਤਰਾਂ ਦੀ ਹਰਕਤ ਕਰਨ ਦੀ ਇੱਕ ਘਟਨਾ ਵਾਪਰੀ ਹੈ। ਸਾਰਾ ਮਾਮਲਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ ਹੈ। ਸੀਸੀਟੀਵੀ ਦੀ ਫੁਟੇਜ ਮੁਤਾਬਕ ਜਦੋਂ ਸਵੇਰੇ ਗਰੰਥੀ ਸਿੰਘ ਸਵਾ 6 ਵਜੇ ਬਾਣੀ ਪੜ੍ਹ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਵਿੱਚ ਪਿੰਡ ਦਾ ਹੀ ਇੱਕ ਵਿਅਕਤੀ ਆਇਆ,

ਜੋ ਸਿਰ ਤੋਂ ਨੰਗਾ ਸੀ ਅਤੇ ਹੱਥ ਵਿੱਚ 2 ਡੰਡੇ ਫੜੇ ਹੋਏ ਸਨ। ਪਾਠ ਕਰਦੇ ਹੋਣ ਕਾਰਨ ਗਰੰਥੀ ਸਿੰਘ ਦਾ ਉਸ ਵੱਲ ਧਿਆਨ ਹੀ ਨਹੀਂ ਗਿਆ। ਉਹ ਪਾਠ ਕਰਦੇ ਗਰੰਥੀ ਸਿੰਘ ਕੋਲ ਜਾ ਪੁੱਜਾ ਅਤੇ ਤੂੰ ਤੂੰ ਮੈਂ ਮੈੰ ਕਰਨ ਲੱਗਾ। ਇੰਨੇ ਵਿੱਚ ਹੀ ਇੱਕ ਬਜ਼ੁਰਗ ਵਿਅਕਤੀ ਨੇ ਡੰਡੇ ਫੜੀ ਖੜ੍ਹੇ ਇਸ ਵਿਅਕਤੀ ਨੂੰ ਪਿੱਛੋਂ ਆ ਕੇ ਜੱਫਾ ਪਾ ਲਿਆ ਅਤੇ ਉਸ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਜਗਾਹ ਤੋਂ ਬਾਹਰ ਲੈ ਗਏ।

ਇਸ ਵਿਅਕਤੀ ਦੀ ਛਿੱਤਰ ਪਰੇਡ ਕੀਤੀ ਗਈ ਪਰ ਇਸ ਦੌਰਾਨ ਹੀ ਉਹ ਇਨ੍ਹਾਂ ਵਿਅਕਤੀਆਂ ਤੋਂ ਛੁੱਟ ਕੇ ਦੌੜ ਗਿਆ। ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਿਸ ਉਸ ਨੂੰ ਇਲਾਕੇ ਵਿੱਚ ਇੱਧਰ ਉੱਧਰ ਲੱਭ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ।

ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗੀ ਕਿ ਇਸ ਵਿਅਕਤੀ ਦਾ ਉਦੇਸ਼ ਕੀ ਸੀ? ਕੀ ਉਸ ਦਾ ਨਿਸ਼ਾਨਾ ਗਰੰਥੀ ਸਿੰਘ ਸੀ ਜਾਂ ਉਹ ਕਿਸੇ ਹੋਰ ਇਰਾਦੇ ਨਾਲ ਨੰਗੇ ਸਿਰ ਗੁਰੂ ਘਰ ਵਿੱਚ ਵੜਿਆ ਸੀ।