ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਘਟਨਾਵਾਂ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਕੈਨੇਡਾ ਦੇ ਐੱਨ ਡੀ ਪੀ ਮੁਖੀ ਜਗਮੀਤ ਸਿੰਘ ਦੇ ਭਾਰਤ ਵਿੱਚ ਫੇਸਬੁਕ ਅਤੇ ਇੰਸਟਾਗਰਾਮ ਅਕਾਉੰਟ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਸਿਰਫ ਜਗਮੀਤ ਸਿੰਘ ਹੀ ਨਹੀਂ ਸਗੋਂ ਹੋਰ ਵਿਅਕਤੀਆਂ ਤੇ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਹੈ। ਜਗਮੀਤ ਸਿੰਘ ਤੇ ਕੀਤੀ ਗਈ ਕਾਰਵਾਈ ਦੇ ਪਿੱਛੇ ਉਨ੍ਹਾਂ ਦੁਆਰਾ ਪੰਜਾਬ ਦੇ ਘਟਨਾਕ੍ਰਮ ਪ੍ਰਤੀ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਨ ਨੂੰ ਮੰਨਿਆ ਜਾ ਰਿਹਾ ਹੈ।
ਜਗਮੀਤ ਸਿੰਘ ਦੁਆਰਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬ ਦੇ ਘਟਨਾਕ੍ਰਮ ਸਬੰਧੀ ਆਪਣੇ ਵਿਚਾਰ ਰੱਖੇ ਜਾ ਰਹੇ ਸਨ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਸੀ ਕਿ ਜੀ 20 ਦਾ ਬਾਈਕਾਟ ਕਰਨਾ ਚਾਹੀਦਾ ਹੈ।

ਜਗਮੀਤ ਸਿੰਘ ਇਹ ਵੀ ਮੰਗ ਕਰ ਰਹੇ ਸਨ ਕਿ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਕੁਝ ਅਧਿਕਾਰੀਆਂ ਤੇ ਪਾਬੰਦੀ ਲਗਾਈ ਜਾਵੇ। ਜਦੋਂ ਪਿਛਲੇ ਦਿਨੀਂ ਜਗਮੀਤ ਸਿੰਘ ਨੇ ਸੰਸਦ ਦਾ ਧਿਆਨ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਵੱਲ ਦਿਵਾਇਆ ਤਾਂ ਵਿਦੇਸ਼ ਮੰਤਰੀ ਨੇ ਜਵਾਬ ਵਿੱਚ ਕਿਹਾ ਸੀ ਕਿ ਉਹ ਇਸ ਪਾਸੇ ਗੌਰ ਕਰ ਰਹੇ ਹਨ।
ਪਹਿਲਾਂ ਜਗਮੀਤ ਸਿੰਘ ਦਾ ਟਵਿਟਰ ਅਕਾਉੰਟ ਭਾਰਤ ਵਿੱਚ ਬੰਦ ਕੀਤਾ ਗਿਆ ਸੀ ਪਰ ਹੁਣ ਤਾਂ ਉਨ੍ਹਾਂ ਦਾ ਫੇਸਬੁਕ ਅਤੇ ਇੰਸਟਾਗਰਾਮ ਅਕਾਉੰਟ ਵੀ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ।