ਆਪਣੇ ਪੁੱਤਰ ਦੇ ਵਿਆਹ ਦਾ ਹਰ ਮਾਂ ਨੂੰ ਬਹੁਤ ਚਾਅ ਹੁੰਦਾ ਹੈ। ਜਿਉਂ ਜਿਉੰ ਪੁੱਤ ਜਵਾਨ ਹੁੰਦਾ ਹੈ ਤਾਂ ਹਰ ਮਾਂ ਦਿਲ ਵਿੱਚ ਉਸ ਦਿਨ ਦੀ ਉਡੀਕ ਕਰਨ ਲੱਗਦੀ ਹੈ, ਜਦੋਂ ਉਸ ਦਾ ਪੁੱਤਰ ਵਿਆਹ ਕਰਵਾ ਕੇ ਉਸ ਦੀ ਨੂੰਹ ਲੈ ਕੇ ਆਵੇਗਾ ਅਤੇ ਉਹ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਵੇਗੀ।

ਹਾਲ ਹੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈੰਸ ਦਾ ਆਈਪੀਐੱਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਹੋਇਆ ਹੈ। ਨੰਗਲ ਦੇ ਗੁਰਦੁਆਰਾ ਵਿਭੋਰ ਸਾਹਿਬ ਵਿੱਚ ਇਨ੍ਹਾਂ ਦੇ ਅਨੰਦ ਕਾਰਜ ਹੋਏ।
ਇਸ ਵਿਆਹ ਵਿੱਚ ਦੋਵੇਂ ਪਰਿਵਾਰ, ਉਨ੍ਹਾਂ ਦੇ ਸਬੰਧੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਈ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋਏ। ਸ਼ਾਮ ਸਮੇਂ ਵਿਆਹ ਦੀ ਪਾਰਟੀ ਰੱਖੀ ਗਈ।

ਇਸ ਪਾਰਟੀ ਵਿੱਚ ਮੰਤਰੀ, ਵਿਧਾਇਕ, ਉੱਘੇ ਰਾਜਨੀਤਕ ਅਹੁਦੇਦਾਰ, ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਵਿਆਹ ਤੋਂ ਬਾਅਦ ਜਦੋਂ ਜੋੜੀ ਘਰ ਪਹੁੰਚੀ ਤਾਂ ਉਸ ਵੇਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈੰਸ ਦੇ ਮਾਤਾ ਜੀ ਜੋੜੀ ਦੇ ਸਿਰ ਤੋਂ ਪਾਣੀ ਵਾਰਦੇ ਦਿਖਾਈ ਦੇ ਰਹੇ ਹਨ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

ਹਰਜੋਤ ਸਿੰਘ ਬੈੰਸ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਦੇ ਹਨ। ਉਹ ਪੰਜਾਬ ਦੇ ਸਿੱਖਿਆ ਮੰਤਰੀ ਹਨ। ਆਈਪੀਐੱਸ ਜੋਤੀ ਯਾਦਵ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਪੁਲਿਸ ਹੈੱਡਕੁਆਰਟਰ ਵਿਖੇ ਐੱਸਪੀ ਵਜੋਂ ਤਾਇਨਾਤ ਹਨ। ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਗੁਰੂਗਰਾਮ ਵਿੱਚ ਰਹਿ ਰਿਹਾ ਹੈ।