ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕਾ ਨਰਿੰਦਰ ਕੌਰ ਭਰਾਜ ਤੋਂ ਬਾਅਦ ਹੁਣ ਪੰਜਾਬ ਦੇ ਕੇੈਬਨਿਟ ਮੰਤਰੀ ਹਰਜੋਤ ਸਿੰਘ ਬੈੰਸ ਨੇ ਵੀ ਵਿਆਹ ਕਰਵਾ ਲਿਆ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਪ੍ਰੋਗਰਾਮ ਵਿੱਚ ਮਾਮੂਲੀ ਅਦਲਾ ਬਦਲੀ ਵੀ ਕਰਨੀ ਪਈ।

ਹਰਜੋਤ ਸਿੰਘ ਬੈੰਸ ਅਤੇ ਆਈਪੀਐੱਸ ਅਧਿਕਾਰੀ ਜੋਤੀ ਯਾਦਵ ਨੇ 10 ਵਜੇ ਨੰਗਲ ਦੇ ਗੁਰਦੁਆਰਾ ਵਿਭੋਰ ਸਾਹਿਬ ਵਿੱਚ ਲਾਵਾਂ ਲਈਆਂ। ਭਾਵੇਂ ਅਨੰਦ ਕਾਰਜ ਦਾ ਸਮਾਂ ਸਵੇਰੇ 8 ਵਜੇ ਦਾ ਰੱਖਿਆ ਗਿਆ ਸੀ ਪਰ ਮੌਸਮ ਦੀ ਖਰਾਬੀ ਦਾ ਅਸਰ ਵੀ ਪ੍ਰੋਗਰਾਮ ਤੇ ਪਿਆ।

ਜੋਤੀ ਯਾਦਵ ਆਈਪੀਐੱਸ ਅਧਿਕਾਰੀ ਹਨ। ਜੋ ਇਸ ਸਮੇਂ ਜ਼ਿਲ੍ਹਾ ਮਾਨਸਾ ਦੇ ਪੁਲਿਸ ਹੈੱਡਕੁਆਰਟਰ ਵਿਖੇ ਐੱਸ ਪੀ ਵਜੋਂ ਡਿਊਟੀ ਨਿਭਾ ਰਹੇ ਹਨ। ਆਈ ਪੀ ਐੱਸ ਜੋਤੀ ਯਾਦਵ ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਪਰਿਵਾਰ ਗੁਰੂਗਰਾਮ ਵਿਖੇ ਰਹਿ ਰਿਹਾ ਹੈ।

ਦੂਜੇ ਪਾਸੇ ਹਰਜੋਤ ਸਿੰਘ ਬੈੰਸ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਦੇ ਹਨ। ਉਹ ਇਸੇ ਇਲਾਕੇ ਨਾਲ ਸਬੰਧਿਤ ਹਨ। ਪਹਿਲਾਂ ਉਹ ਜੇਲ੍ਹ ਵਿਭਾਗ ਦਾ ਕੰਮ ਕਾਰ ਦੇਖਦੇ ਸਨ ਪਰ ਅੱਜਕੱਲ੍ਹ ਉਹ ਸਿੱਖਿਆ ਮੰਤਰੀ ਹਨ।

ਵਿਆਹ ਸਮੇਂ ਦੋਵੇਂ ਪਰਿਵਾਰਾਂ ਦੇ ਜੀਅ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਈ ਵਿਧਾਇਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ। ਵਿਆਹ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚ ਰਹੇ ਹਨ।

ਵਿਆਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਪਹੁੰਚੇ ਹੋਏ ਸਨ।ਸ਼ਾਮ ਸਮੇਂ ਪਾਰਟੀ ਰੱਖੀ ਗਈ ਹੈ। ਉਮੀਦ ਕੀਤੀ ਜਾਂਦੀ ਹੈ ਕਿ ਪਾਰਟੀ ਵਿੱਚ ਹਜ਼ਾਰਾਂ ਹੀ ਮਹਿਮਾਨ ਸ਼ਾਮਲ ਹੋਣਗੇ। ਨਵ-ਵਿਆਹੀ ਜੋੜੀ ਨੂੰ ਵਧਾਈਆਂ ਮਿਲ ਰਹੀਆਂ ਹਨ।