ਤੇਜ਼ ਰਫ਼ਤਾਰ ਵਾਹਨ ਨੂੰ ਇੱਕ ਦਮ ਕੰਟਰੋਲ ਕਰਨਾ ਸੌਖਾ ਨਹੀਂ। ਇਸ ਕੋਸ਼ਿਸ਼ ਵਿੱਚ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਇੱਕ ਮਹਿੰਦਰਾ ਪਿੱਕ ਅੱਪ ਗੱਡੀ ਦੇ ਸੜਕ ਤੇ ਪਲਟ ਜਾਣ ਕਾਰਨ 2 ਜਾਨਾਂ ਚਲੀਆਂ ਗਈਆਂ ਅਤੇ 17 ਜੀਆਂ ਦੇ ਸੱਟਾਂ ਲੱਗੀਆਂ ਹਨ।

ਮਿਰਤਕ ਦੇਹਾਂ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਵੱਲੋਂ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਮਹਿੰਦਰਾ ਪਿੱਕ ਅੱਪ ਸਵਾਰ ਫਾਜ਼ਿਲਕਾ ਦੇ ਪਿੰਡ ਕਾਠਗੜ੍ਹ ਤੋਂ ਕਿਸੇ ਮਿਰਤਕ ਵਿਅਕਤੀ ਦੀ ਰਸਮ ਦੇ ਸਬੰਧ ਵਿੱਚ ਜਾ ਰਹੇ ਸਨ।
ਕਿਹਾ ਜਾ ਰਿਹਾ ਹੈ ਕਿ ਜਦੋਂ ਮਹਿੰਦਰਾ ਪਿੱਕ ਅੱਪ ਲੱਖੋ ਕੇ ਬਹਿਰਾਮ ਪਹੁੰਚੀ ਤਾਂ ਇੱਕ ਦੁਪਹੀਆ ਵਾਹਨ ਅੱਗੇ ਆ ਜਾਣ ਕਾਰਨ ਮਹਿੰਦਰਾ ਪਿੱਕ ਅੱਪ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਈ। ਜਿਸ ਨਾਲ ਇੱਕ ਮਰਦ ਅਤੇ ਇੱਕ ਔਰਤ ਦੀ ਜਾਨ ਚਲੀ ਗਈ। ਬਾਕੀ ਸਵਾਰਾਂ ਦੇ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਪੁਚਾਇਆ ਗਿਆ।

ਜਿਨ੍ਹਾਂ ਵਿੱਚੋਂ 8 ਜੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ 9 ਜੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਹੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਮਹਿੰਦਰਾ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਹੈ।