‘ਸ਼ੋਅਲੇ’ ਫਿਲਮ ਵਿੱਚ ‘ਗੱਬਰ ਸਿੰਘ’ ਦੇ ਰੂਪ ਵਿੱਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ‘ਅਮਜਦ ਖਾਨ’ ਦੇ ਡਾਇਲਾਗ ਕੌਣ ਭੁਲਾ ਸਕਦਾ ਹੈ। ਇਹ ਡਾਇਲਾਗ ਤਾਂ ਨੌਜਵਾਨ ਆਪਣੀ ਗੱਲਬਾਤ ਵਿੱਚ ਬੋਲਣ ਲੱਗ ਪਏ ਸਨ। ‘ਛੋੜ ਦੋ ਠਾਕੁਰ, ਵਰਨਾ ਅੱਛਾ ਨਾ ਹੋਗਾ’। ‘ਅਬ ਤੇਰਾ ਕਿਆ ਹੋਗਾ ਕਾਲੀਆ’।

ਇਸ ਫਿਲਮ ਨੇ ਅਮਜਦ ਖਾਨ ਦੀ ਪਛਾਣ ‘ਗੱਬਰ ਸਿੰਘ’ ਵਜੋਂ ਬਣਾ ਦਿੱਤੀ। ਅਮਜਦ ਖਾਨ ਭਾਵੇਂ ਥੋੜ੍ਹੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਚਲੇ ਗਏ ਪਰ ਜਿਹੜਾ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ, ਉਸ ਮੁਕਾਮ ਤੱਕ ਪਹੁੰਚਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਅਮਜਦ ਖਾਨ ਲਗਭਗ 48 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਅਮਜਦ ਖਾਨ ਦਾ ਜਨਮ 21 ਅਕਤੂਬਰ 1943 ਨੂੰ ਲਾਹੌਰ ਵਿੱਚ ਹੋਇਆ। ਜੋ ਉਸ ਸਮੇਂ ਭਾਰਤ ਦਾ ਹਿੱਸਾ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਜੈਅੰਤ ਸੀ। ਜੋ ਖੁਦ ਅਦਾਕਾਰ ਸਨ। ਅਮਜਦ ਖਾਨ ਨੇ ਅਦਾਕਾਰੀ ਦੀ ਸਿੱਖਿਆ ਆਪਣੇ ਪਿਤਾ ਤੋਂ ਹੀ ਲਈ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਉਹ ‘ਨੈਸ਼ਨਲ ਸਕੂਲ ਆਫ ਡਰਾਮਾ’ ਵਿੱਚ ਵੀ ਦਾਖਲਾ ਲੈ ਲੈਂਦੇ ਤਾਂ ਵੀ ਉਹ ਇਸ ਤੋਂ ਵੱਧ ਨਾ ਸਿੱਖ ਸਕਦੇ।

ਜੋ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਿਖਾਇਆ ਹੈ। ਅਮਜਦ ਖਾਨ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਜੋ ਸਿਖਾਇਆ ਹੈ, ਉਹ ਤਾਂ ‘ਰਾਇਲ ਅਕੈਡਮੀ ਆਫ ਡਰਾਮਾਟਿਕ ਆਰਟ’ ਦੇ ਵਿਦਿਆਰਥੀਆਂ ਨੂੰ ਵੀ ਉੱਥੇ ਨਹੀਂ ਸਿਖਾਇਆ ਜਾਂਦਾ। ਉਹ ਆਪਣੀ ਸਫਲਤਾ ਪਿੱਛੇ ਆਪਣੇ ਪਿਤਾ ਦਾ ਹੱਥ ਮੰਨਦੇ ਹਨ। ਜੋ ਆਖਰੀ ਦਮ ਤੱਕ ਉਨ੍ਹਾਂ ਨੂੰ ਸਿਖਾਉੰਦੇ ਰਹੇ।

ਅਮਜਦ ਖਾਨ ਸ਼ੁਰੂ ਸ਼ੁਰੂ ਵਿੱਚ ਕੇ ਆਸਿਫ਼ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ। ਇਸ ਦੌਰਾਨ ਹੀ ਕੇ ਆਸਿਫ਼ ਨੇ ਉਨ੍ਹਾ ਨੂੰ ਆਪਣੀ ਫਿਲਮ ‘ਲਵ ਐਂਡ ਗੌਡ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਚੇਤਨ ਅਨੰਦ ਦੀ ਫਿਲਮ ‘ਹਿੰਦੁਸਤਾਨ ਕੀ ਕਸਮ’ ਵਿੱਚ ਇੱਕ ਪਾਇਲਟ ਦਾ ਰੋਲ ਕੀਤਾ ਪਰ ਅਮਜਦ ਖਾਨ ਦੀ ਪਹਿਲੀ ਫਿਲਮ ‘ਸ਼ੋਅਲੇ’ ਮੰਨੀ ਜਾਂਦੀ ਹੈ।

ਜੋ ਉਨ੍ਹਾਂ ਨੂੰ ਸਬੱਬ ਨਾਲ ਹੀ ਮਿਲੀ, ਕਿਉਂਕਿ ਇਹ ਫਿਲਮ ਸ਼ਤਰੂਘਨ ਨੇ ਕਰਨੀ ਸੀ ਪਰ ਸਮੇਂ ਦੀ ਵਜਾਹ ਕਾਰਨ ਉਨ੍ਹਾ ਨੇ ਇਹ ਫਿਲਮ ਕਰਨ ਤੋਂ ਨਾਂਹ ਕਰ ਦਿੱਤੀ। ਜਿਸ ਕਰਕੇ ‘ਗੱਬਰ ਸਿੰਘ’ ਦਾ ਰੋਲ ਅਮਜਦ ਖਾਨ ਨੂੰ ਦਿੱਤਾ ਗਿਆ। ਜਦੋਂ 1975 ਵਿੱਚ ਫਿਲਮ ਆਈ ਤਾਂ ਸੁਪਰ ਹਿੱਟ ਹੋ ਗਈ। ਬੱਸ ਫੇਰ ਤਾਂ ਉਨ੍ਹਾਂ ਅੱਗੇ ਫਿਲਮਾਂ ਦੀਆਂ ਲਾਈਨਾਂ ਲੱਗ ਗਈਆਂ।

ਖਲਨਾਇਕ ਦੇ ਰੂਪ ਵਿੱਚ ਇੱਕ ਨਵਾਂ ਚਿਹਰਾ ਮਸ਼ਹੂਰ ਹੋ ਗਿਆ। ਭਾਵੇਂ ਉਨ੍ਹਾਂ ਨੇ ਕੁਝ ਫਿਲਮਾਂ ਵਿੱਚ ਸੰਜੀਦਾ ਰੋਲ ਕੀਤੇ। ਕੁਝ ਵਿੱਚ ਹਾਸੇ ਭਰਭੂਰ ਭੂਮਿਕਾਵਾਂ ਨਿਭਾਈਆਂ ਪਰ ਦਰਸ਼ਕ ਉਨ੍ਹਾਂ ਨੂੰ ਵਿਲੇਨ ਦੇ ਰੂਪ ਵਿੱਚ ਜ਼ਿਆਦਾ ਪਸੰਦ ਕਰਦੇ ਸਨ। ਅਮਜਦ ਖਾਨ ਭਾਵੇਂ ਫਿਲਮੀ ਦੁਨੀਆਂ ਵਿੱਚ ਖਲਨਾਇਕ ਸਨ ਪਰ ਹਕੀਕਤ ਵਿੱਚ ਉਹ ਬਹੁਤ ਹੀ ਨਰਮ ਦਿਲ ਇਨਸਾਨ ਸਨ।

ਜੇਕਰ ਕਿਸੇ ਨਿਰਮਾਤਾ ਕੋਲ ਪੈਸੇ ਨਾ ਹੁੰਦੇ ਤਾਂ ਉਹ ਮੱਦਦ ਕਰ ਦਿੰਦੇ ਜਾਂ ਆਪਣਾ ਮਿਹਨਤਾਨਾ ਛੱਡ ਦਿੰਦੇ। ਉਹ ਕਿਸੇ ਅਮਲ ਪਦਾਰਥ ਦੀ ਵੀ ਵਰਤੋਂ ਨਹੀਂ ਸੀ ਕਰਦੇ। ਇੱਕ ਵਾਰ ਜਦੋਂ ਉਹ ਸ਼ੂਟਿੰਗ ਲਈ ਜਾ ਰਹੇ ਸਨ ਤਾਂ ਹਾਦਸਾ ਵਾਪਰ ਗਿਆ। ਉਨ੍ਹਾਂ ਦੇ ਬਹੁਤ ਸੱਟਾਂ ਲੱਗੀਆਂ। ਅਜਿਹੇ ਸਮੇਂ ਅਮਿਤਾਭ ਬੱਚਨ ਨੇ ਉਨ੍ਹਾ ਦੀ ਮੱਦਦ ਕੀਤੀ। ਉਹ ਠੀਕ ਹੋਣ ਲੱਗੇ ਪਰ ਇਸ ਦਵਾਈ ਨੇ ਉਨ੍ਹਾਂ ਦਾ ਵਜ਼ਨ ਅਤੇ ਮੋਟਾਪਾ ਬਹੁਤ ਵਧਾ ਦਿੱਤਾ।

ਉਨ੍ਹਾਂ ਲਈ ਤੁਰਨਾ ਫਿਰਨਾ ਵੀ ਸੌਖਾ ਨਾ ਰਿਹਾ। ਹੁਣ ਉਨ੍ਹਾਂ ਦੇ ਹੱਥੋਂ ਫਿਲਮਾਂ ਛੁੱਟਣ ਲੱਗੀਆਂ। ਉਹ ਦਿਨ ਵਿੱਚ 10-12 ਕੱਪ ਚਾਹ ਪੀਣ ਲੱਗ ਪਏ। 27 ਜੁਲਾਈ 1992 ਨੂੰ ਦਿਲ ਦਾ ਦੌਰਾ ਪੈਣ ਨਾਲ ਉਹ ਸਦਾ ਦੀ ਨੀਂਦ ਸੌਂ ਗਏ। ਉਨ੍ਹਾ ਦੀ ਆਖਰੀ ਫਿਲਮ ‘ਰੁਦਾਲੀ’ ਸੀ। ਇਸ ਫਿਲਮ ਵਿੱਚ ਅਮਜਦ ਖਾਨ ਨੇ ਇੱਕ ਅਜਿਹੇ ਠਾਕੁਰ ਦਾ ਰੋਲ ਕੀਤਾ, ਜੋ ਆਪਣੇ ਹੀ ਅੱਖਾਂ ਮੀਟ ਜਾਣ ਤੇ ਰੋਣ ਲਈ ਪੈਸੇ ਖਰਚ ਕਰਕੇ ਰੁਦਾਲੀ ਦਾ ਪ੍ਰਬੰਧ ਕਰਦਾ ਹੈ।

ਉਹ ਜਾਣਦਾ ਹੈ ਕਿ ਉਸ ਦੇ ਅੱਖਾਂ ਮੀਟ ਜਾਣ ਤੇ ਉਸ ਦੇ ਪਰਿਵਾਰ ਦੇ ਜੀਅ ਉਸ ਲਈ ਨਹੀਂ ਰੋਣਗੇ। ਅਮਜਦ ਖਾਨ ਨੇ ਹੁਣ ਤੱਕ ਸ਼ੋਅਲੇ, ਦੋ ਫੰਟੂਸ਼, ਦਿਲ ਹੀ ਤੋ ਹੈ, ਆਸਮਾਨ ਸੇ ਗਿਰਾ, ਵਕਤ ਕਾ ਬਾਦਸ਼ਾਹ, ਲਵ, ਲੇਕਿਨ, ਮਹਾ ਸੰਗਰਾਮ, ਪਤੀ ਪਤਨੀ ਔਰ ਤਵਾਇਫ, ਸੰਤੋਸ਼, ਪੀਛਾ ਕਰੋ, 2 ਵਕਤ ਕੀ ਰੋਟੀ, ਮੇਰੀ ਜ਼ੁਬਾਨ, ਦੋਸਤ, ਵੀਸ ਸਾਲ ਬਾਅਦ, ਅਹਿਸਾਨ, ਮਾਂ ਕਸਮ, ਨਸੀਹਤ, ਜਿੰਦਗਾਨੀ, ਕੁਰਬਾਨੀ, ਲਵ ਸਟੋਰੀ, ਹਮ ਕਿਸੀ ਸੇ ਕਮ ਨਹੀਂ, ਇਨਕਾਰ, ਪਰਵਰਿਸ਼, ਸ਼ਤਰੰਜ ਕੇ ਖਿਲਾੜੀ ਅਤੇ ਦੇਸ ਪ੍ਰਦੇਸ ਆਦਿ ਅਨੇਕਾਂ ਹੀ ਫਿਲਮਾਂ ਵਿੱਚ ਕੰਮ ਕੀਤਾ ਹੈ।