ਕਈ ਕਲਾਕਾਰਾਂ ਦੇ ਫਿਲਮੀ ਨਾਂ ਦਰਸ਼ਕਾਂ ਦੇ ਅਜਿਹੇ ਜ਼ੁਬਾਨ ਤੇ ਚੜ੍ਹਦੇ ਹਨ ਕਿ ਦਰਸ਼ਕ ਉਨ੍ਹਾਂ ਨੂੰ ਇਸੇ ਨਾਮ ਨਾਲ ਜਾਨਣ ਲੱਗ ਜਾਂਦੇ ਹਨ। ਜਿਵੇਂ ਕਿ ‘ਸ਼ੋਅਲੇ’ ਫਿਲਮ ਕਾਰਨ ਅਮਜਦ ਖਾਨ ਨੂੰ ਜ਼ਿਆਦਾਤਰ ਦਰਸ਼ਕ ‘ਗੱਬਰ ਸਿੰਘ’ ਵਜੋਂ ਜਾਣਦੇ ਹਨ।

ਇਸ ਤਰਾਂ ਹੀ ‘ਸ਼ੋਅਲੇ’ ਵਿੱਚ ‘ਸਾਂਭਾ’ ਦਾ ਕਿਰਦਾਰ ਨਿਭਾਉਣ ਵਾਲੇ ‘ਮੋਹਨ ਮਕਿਜਾਨੀ’ ਹਨ। ‘ਸਾਂਭਾ’ ਦਾ ਅਸਲੀ ਨਾਮ ਮੋਹਨ ਮਕਿਜਾਨੀ ਹੈ ਅਤੇ ਉਨ੍ਹਾਂ ਨੂੰ ਮੈਕ ਮੋਹਨ ਵੀ ਕਿਹਾ ਜਾਂਦਾ ਹੈ। 1970 ਤੋਂ 1980 ਦਰਮਿਆਨ ਆਈਆਂ ਫਿਲਮਾਂ ਵਿੱਚ ਮੈਕ ਮੋਹਨ ਵਿਲੇਨ ਦੇ ਕਿਰਦਾਰ ਵਿੱਚ ਪੂਰੀ ਤਰਾਂ ਆਪਣੀ ਪਛਾਣ ਬਣਾ ਚੁੱਕੇ ਸਨ।

ਉਹ ਘਰੋਂ ਤਾਂ ਕ੍ਰਿਕਟਰ ਬਣਨ ਲਈ ਮੁੰਬਈ ਆਏ ਸਨ ਪਰ ਇੱਥੇ ਆ ਕੇ ਥੀਏਟਰ ਨਾਲ ਜੁੜ ਗਏ ਅਤੇ ਫੇਰ ਫਿਲਮਾਂ ਵਿੱਚ ਪਹੁੰਚ ਗਏ। ਉਨ੍ਹਾਂ ਨੇ 200 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ ਹੈ। ਕਈ ਫਿਲਮਾਂ ਵਿੱਚ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਨਾਮ ਮੈਕ ਮੋਹਨ ਨਾਲ ਹੀ ਪੇਸ਼ ਕੀਤਾ ਗਿਆ ਹੈ।

ਮੈਕ ਮੋਹਨ ਅਜਿਹੀ ਸ਼ਖਸ਼ੀਅਤ ਹਨ, ਜਿਨ੍ਹਾਂ ਨੂੰ ਹਿੰਦੀ ਫਿਲਮਾਂ ਦੇ ਨਾਲ ਨਾਲ ਉੜੀਆ ਨੂੰ ਛੱਡ ਕੇ ਭਾਰਤ ਦੀ ਹਰ ਭਾਸ਼ਾ ਦੀ ਫਿਲਮ ਵਿੱਚ ਕੰਮ ਕਰਨ ਦਾ ਮਾਣ ਹਾਸਲ ਹੈ। ਜਿਨ੍ਹਾਂ ਵਿੱਚ ਭੋਜਪੁਰੀ, ਗੁਜਰਾਤੀ, ਹਰਿਆਣਵੀ, ਮਰਾਠੀ, ਪੰਜਾਬੀ, ਬੰਗਾਲੀ ਅਤੇ ਸਿੰਧੀ ਫਿਲਮਾਂ ਹਨ।

ਇੱਥੇ ਹੀ ਬੱਸ ਨਹੀਂ ਉਨ੍ਹਾਂ ਦੇ ਡਾਇਲਾਗ ਅੰਗਰੇਜ਼ੀ, ਰੂਸੀ ਅਤੇ ਸਪੇਨਿਸ਼ ਫਿਲਮਾਂ ਵਿੱਚ ਵੀ ਸੁਣੇ ਜਾ ਸਕਦੇ ਹਨ। ਡਾਨ, ਕਰਜ਼, ਜੰਜੀਰ, ਰਫੂ ਚੱਕਰ, ਸ਼ਾਨ ਅਤੇ ਸ਼ੋਅਲੇ ਆਦਿ ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਹਨ। ਮੋਹਨ ਮਕਿਜਾਨੀ ਦਾ ਜਨਮ 24 ਅਪ੍ਰੈਲ 1938 ਨੂੰ ਕਰਾਚੀ ਵਿੱਚ ਹੋਇਆ।

ਜੋ ਉਸ ਸਮੇਂ ਅੰਗਰੇਜ਼ੀ ਸ਼ਾਸ਼ਨ ਅਧੀਨ ਭਾਰਤ ਦਾ ਹਿੱਸਾ ਸੀ। ਉਨ੍ਹਾਂ ਦਾ ਫਿਲਮੀ ਸਫਰ 1964 ਤੋਂ ਫਿਲਮ ‘ਹਕੀਕਤ’ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। 1986 ਵਿੱਚ ਮੈਕ ਮੋਹਨ ਦਾ ਵਿਆਹ ਮਿੰਨੀ ਨਾਲ ਹੋਇਆ। ਜੋ ਆਯੁਰਵੇਦ ਦੀ ਡਾਕਟਰ ਸਨ। ਇਨ੍ਹਾਂ ਦੇ ਘਰ 2 ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ।

ਧੀਆਂ ਦੇ ਨਾਮ ਵਿਨਤੀ ਮਕਿਜਾਨੀ ਅਤੇ ਮੰਜਰੀ ਮਕਿਜਾਨੀ ਹਨ ਜਦਕਿ ਪੁੱਤਰ ਦਾ ਨਾਮ ਵਿਕਰਾਂਤ ਮਕਿਜਾਨੀ ਹੈ। ਮੈਕ ਮੋਹਨ ਦੀਆਂ ਧੀਆਂ ਅਤੇ ਪੁੱਤਰ ਆਪੋ ਆਪਣੇ ਕਿੱਤੇ ਵਿੱਚ ਨਿਪੁੰਨ ਹਨ। ਵਿਨਤੀ ਮਕਿਜਾਨੀ ਪੇਸ਼ੇ ਤੋਂ ਅਦਾਕਾਰਾ, ਨਿਰਮਾਤਾ ਅਤੇ ਸਕਰੀਨ ਰਾਈਟਰ ਹੈ। ਉਨ੍ਹਾਂ ਨੇ ਫਿਲਮ ‘ਦ ਨੈਕਸਟ ਥਿੰਗ ਯੂ ਈਟ’ ਦਾ ਨਿਰਮਾਣ ਕੀਤਾ।

ਕਈ ਫਿਲਮਾਂ ਵਿੱਚ ਉਨ੍ਹਾਂ ਨੂੰ ਸਹਾਇਕ ਅਭਿਨੇਤਰੀ ਵਜੋਂ ਵੀ ਦੇਖਿਆ ਗਿਆ ਹੈ। ਉਨ੍ਹਾਂ ਨੂੰ ਰੱਬ ਨੇ ਸੁਹੱਪਣ ਵੀ ਰੱਜ ਕੇ ਦਿੱਤਾ ਹੈ। ਜੋ ਉਨ੍ਹਾਂ ਦੀਆਂ ਇੰਟਰਨੈੱਟ ਤੇ ਸ਼ੇਅਰ ਹੋਣ ਵਾਲੀਆਂ ਤਸਵੀਰਾਂ ਵਿੱਚੋਂ ਸਾਫ ਝਲਕਦਾ ਹੈ। ਉਹ ਸੋਸ਼ਲ ਮੀਡੀਆ ਤੇ ਅਕਸਰ ਹੀ ਸਰਗਰਮ ਰਹਿੰਦੇ ਹਨ। ਉਹ ਆਪਣੇ ਨੇੜਲਿਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਉਨ੍ਹਾਂ ਨੂੰ ਟਰੈਵਲਿੰਗ ਦਾ ਵੀ ਬਹੁਤ ਸ਼ੌਕ ਹੈ। ਮੈਕ ਮੋਹਨ ਦੀ ਦੂਸਰੀ ਧੀ ਮੰਜਰੀ ਮਕਿਜਾਨੀ ਡਾਇਰੈਕਟਰ ਹਨ ਅਤੇ ਆਪਣੇ ਪੇਸ਼ੇ ਵਿੱਚ ਨਿਪੁੰਨ ਹਨ। ਮੈਕ ਮੋਹਨ ਦੇ ਪੁੱਤਰ ਵਿਕਰਾਂਤ ਮਕਿਜਾਨੀ ਵੀ ਅਦਾਕਾਰ ਹਨ। ਫਿਲਮ ‘ਦ ਲਾਸਟ ਮਾਰਬਲ’ ਵਿੱਚ ਉਨ੍ਹਾਂ ਦੀ ਅਦਾਕਾਰੀ ਦੇਖੀ ਜਾ ਸਕਦੀ ਹੈ।

ਜਦੋਂ ਨਵੰਬਰ 2009 ਵਿੱਚ ਅਸ਼ਵਨੀ ਧੀਰ ਦੀ ਫਿਲਮ ‘ਅਤਿਥੀ ਤੁਮ ਕਬ ਜਾਓਗੇ’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਸੀ ਤਾਂ ਸ਼ੂਟਿੰਗ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਮੈਕ ਮੋਹਨ ਦੀ ਸਿਹਤ ਖਰਾਬ ਹੋ ਗਈ। ਜਿਸ ਕਰਕੇ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂ ਭਾਈ ਅੰਬਾਨੀ ਹਸਪਤਾਲ ਵਿੱਚ ਲਿਜਾਇਆ ਗਿਆ।

ਇਹ ਹਸਪਤਾਲ ਅੰਧੇਰੀ ਵਿੱਚ ਸਥਿਤ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੇ ਸੱਜੇ ਫੇਫੜੇ ਵਿੱਚ ਟਿਊਮਰ ਹੈ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਜਾਨ ਨਹੀਂ ਬਚਾਈ ਜਾ ਸਕੀ। ਉਹ 10 ਮਈ 2010 ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਸ ਸਮੇਂ ਉਨ੍ਹਾਂ ਦੀ ਉਮਰ 72 ਸਾਲ ਸੀ।

‘ਏਸ਼ੀਅਨ ਅਕੈਡਮੀ ਆਫ ਫਿਲਮ ਐੰਡ ਟੈਲੀਵਿਜ਼ਨ’ ਦੁਆਰਾ 14 ਮਈ ਨੂੰ ਨੋਇਡਾ ਫਿਲਮ ਸਿਟੀ ਵਿੱਚ ਪ੍ਰਾਰਥਨਾ ਸਭਾ ਕੀਤੀ ਗਈ। ਅੱਜ ਵੀ ਦਰਸ਼ਕ ਉਨ੍ਹਾਂ ਦੇ ਫਿਲਮਾਂ ਵਿੱਚ ਨਿਭਾਏ ਕਿਰਦਾਰ ਨੂੰ ਯਾਦ ਕਰਦੇ ਹਨ।