ਗਲਤ ਸਬੰਧਾਂ ਦੇ ਚਲਦੇ ਇਨਸਾਨ ਕਈ ਵਾਰ ਇੰਨਾ ਅੱਗੇ ਨਿਕਲ ਜਾਂਦਾ ਹੈ ਕਿ ਉਹ ਆਪਣਾ ਹੀ ਘਰ ਉਜਾੜ ਬਹਿੰਦਾ ਹੈ। ਇਸ ਦੀ ਉਦਾਹਰਨ ਥਾਣਾ ਸਮਰਾਲਾ ਦੇ ਪਿੰਡ ਰੋਲਾ ਵਿੱਚ ਦੇਖਣ ਨੂੰ ਮਿਲੀ। ਇੱਥੋਂ ਦੇ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਸਾਧਾਂ ਦੇ ਚੱਕਰਾਂ ਵਿੱਚ ਪਿਆ ਹੋਇਆ ਹੈ।
ਗੁਰਪ੍ਰੀਤ ਸਿੰਘ ਦਾ 8 ਸਾਲ ਦਾ ਪੁੱਤਰ ਅਤੇ 5 ਸਾਲ ਦੀ ਧੀ ਹੈ। ਸਾਧ ਗੁਰਪ੍ਰੀਤ ਸਿੰਘ ਨੂੰ ਆਪਣੀ 5 ਸਾਲਾ ਧੀ ਦੀ ਬਲੀ ਦੇਣ ਲਈ ਕਹਿ ਰਿਹਾ ਹੈ। ਗੁਰਚਰਨ ਸਿੰਘ ਮੁਤਾਬਕ ਗੁਰਪ੍ਰੀਤ ਸਿੰਘ ਆਪਣੀ ਪਤਨੀ ਗੁਰਜੀਤ ਕੌਰ, 8 ਸਾਲਾ ਪੁੱਤਰ ਅਤੇ 5 ਸਾਲਾ ਧੀ ਸਮੇਤ ਗਿਆ ਸੀ ਪਰ ਜਦੋਂ ਇਹ ਵਾਪਸ ਆਏ ਤਾਂ 5 ਸਾਲਾ ਬੱਚੀ ਇਨ੍ਹਾਂ ਦੇ ਨਾਲ ਨਹੀਂ ਸੀ।
ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਕੁਝ ਹੋਰ ਹੀ ਕਹਾਣੀ ਸਾਹਮਣੇ ਆਈ। ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਦੀ ਆਪਣੀ ਵੱਡੀ ਸਾਲੀ ਸੁਖਵਿੰਦਰ ਕੌਰ ਨਾਲ ਗੱਲਬਾਤ ਸੀ। ਜੋ ਕਿ ਸ਼ਾਦੀਸ਼ੁਦਾ ਹੈ ਅਤੇ ਜ਼ਿਲ੍ਹਾ ਮਲੇਰਕੋਟਲਾ ਦੀ ਵਸਨੀਕ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਗੁਰਜੀਤ ਕੌਰ ਇੱਕ ਮੰਦਬੁੱਧੀ ਕਿਸਮ ਦੀ ਔਰਤ ਹੈ।
ਜੋ ਦਿਮਾਗੀ ਬੋਝ ਹੇਠ ਜੀਵਨ ਗੁਜ਼ਾਰ ਰਹੀ ਹੈ। ਗੁਰਪ੍ਰੀਤ ਸਿੰਘ ਦੀ ਸਕੀਮ ਸੀ ਕਿ ਉਹ ਗੁਰਜੀਤ ਕੌਰ ਨੂੰ ਨਹਿਰ ਵਿੱਚ ਧੱਕਾ ਦੇ ਦੇਵੇਗਾ। ਇਸ ਲਈ ਉਹ ਨਾਰੀਅਲ ਤਾਰਨ ਬਹਾਨੇ ਆਪਣੇ ਪਰਿਵਾਰ ਨੂੰ ਨਹਿਰ ਤੇ ਲੈ ਗਿਆ। ਉਸ ਨੇ ਗੁਰਜੀਤ ਕੌਰ ਨੂੰ ਨਹਿਰ ਵਿੱਚ ਧੱਕਾ ਤਾਂ ਦਿੱਤਾ ਪਰ ਗੁਰਜੀਤ ਕੌਰ ਨੇ ਆਪਣੀ ਧੀ ਗੋਦੀ ਚੁੱਕੀ ਹੋਈ ਸੀ।
ਗੁਰਪ੍ਰੀਤ ਦੇ ਧੱਕਾ ਦੇਣ ਨਾਲ ਗੁਰਜੀਤ ਕੌਰ ਤੋਂ ਕੁੜੀ ਛੁੱਟ ਕੇ ਨਹਿਰ ਵਿੱਚ ਰੁੜ੍ਹ ਗਈ। ਇਸ ਤਰਾਂ ਪਤਨੀ ਦੀ ਜਾਨ ਲੈਣ ਦੀ ਕੋਸ਼ਿਸ਼ ਵਿੱਚ ਉਸ ਨੇ ਆਪਣੀ ਧੀ ਦੀ ਹੀ ਜਾਨ ਲੈ ਲਈ। ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਕੌਰ ਨੂੰ ਕਾਬੂ ਕਰ ਲਿਆ ਹੈ। ਬੱਚੀ ਦੀ ਮਿਰਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ।