ਜ਼ਿਲ੍ਹਾ ਮਾਨਸਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਕੋਟਲੀ ਕਲਾਂ ਵਿੱਚ ਮੋਟਰਸਾਇਕਲ ਸਵਾਰਾਂ ਦੁਆਰਾ 6 ਸਾਲ ਦੇ ਲੜਕੇ ਉਦੇਵੀਰ ਸਿੰਘ ਦੀ ਜਾਨ ਲੈ ਲਏ ਜਾਣ ਦੀ ਘਟਨਾ ਕਾਰਨ ਸਿੱਧੂ ਮੂਸੇ ਵਾਲੇ ਵਾਲੀ ਘਟਨਾ ਤੋਂ ਬਾਅਦ ਇੱਕ ਵਾਰ ਫੇਰ ਮਾਨਸਾ ਜ਼ਿਲ੍ਹਾ ਸੁਰਖ਼ੀਆਂ ਵਿੱਚ ਆ ਗਿਆ ਹੈ।
ਪਤਾ ਲੱਗਾ ਹੈ ਕਿ ਮੋਟਰਸਾਈਕਲ ਸਵਾਰ ਉਦੇਵੀਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਦੀ ਜਾਨ ਲੈਣਾ ਚਾਹੁੰਦੇ ਸਨ ਪਰ ਗਲੀ ਬੱਚੇ ਦੇ ਲੱਗ ਗਈ। ਘਟਨਾ ਸਮੇਂ ਜਸਪ੍ਰੀਤ ਸਿੰਘ ਆਪਣੇ 6 ਸਾਲਾ ਪੁੱਤਰ ਉਦੇਵੀਰ ਸਿੰਘ ਅਤੇ 10 ਸਾਲਾ ਧੀ ਨਵਸੀਰਤ ਕੌਰ ਨਾਲ ਗੁਆਂਢੀਆਂ ਦੇ ਘਰ ਤੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਸੀ।
ਉਸੇ ਸਮੇਂ ਮੋਟਰਸਾਈਕਲ ਸਵਾਰ ਆਏ। ਜਿਨ੍ਹਾਂ ਨੇ ਗਲੀਆਂ ਚਲਾ ਦਿੱਤੀਆਂ। ਜੋ ਲੜਕੇ ਦੇ ਲੱਗ ਗਈ। ਲੜਕੀ ਦੇ ਵੀ ਛਰੇ ਲੱਗਣ ਦੀ ਖਬਰ ਹੈ। ਮੁੰਡੇ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ। ਬੱਚੇ ਦੀ ਮਿਰਤਕ ਦੇਹ ਨੂੰ ਪੋਸਟਮਾਰਟਮ ਲਈ ਉੱਥੇ ਹੀ ਰਖਵਾ ਦਿੱਤਾ ਗਿਆ।
ਪਰਿਵਾਰ ਵੱਲੋਂ ਪਿੰਡ ਦੇ ਹੀ ਵਿਅਕਤੀਆਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਸਪ੍ਰੀਤ ਸਿੰਘ ਦੇ ਚਾਚੇ ਦੇ ਪਰਿਵਾਰ ਨਾਲ ਪਾਲੀ ਵਜੋਂ ਕੰਮ ਕਰਦੇ ਸੇਵਕ ਸਿੰਘ ਦੀ ਜਸਪ੍ਰੀਤ ਸਿੰਘ ਨਾਲ ਕਿਸੇ ਗੱਲੋਂ ਖੁੰਦਕ ਚੱਲ ਰਹੀ ਸੀ। ਸੇਵਕ ਸਿੰਘ ਦੇ ਭਰਾ ਅੰਮ੍ਰਿਤ ਸਿੰਘ ਅਤੇ ਇਸੇ ਪਿੰਡ ਦੇ ਚੰਨੀ ਪੁੱਤਰ ਜੰਟਾ ਸਿੰਘ ਤੇ ਇਸ ਘਟਨਾ ਦੇ ਦੋਸ਼ ਲੱਗ ਰਹੇ ਹਨ।
ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਨ ਉਪਰੰਤ ਸੇਵਕ ਸਿੰਘ, ਅੰਮ੍ਰਿਤ ਸਿੰਘ ਦੋਵੇਂ ਪੁੱਤਰ ਬਲਵੀਰ ਸਿੰਘ ਅਤੇ ਚੰਨੀ ਪੁੱਤਰ ਜੰਟਾ ਸਿੰਘ ਨੂੰ ਕਾਬੂ ਕਰ ਲਿਆ ਹੈ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਵੀ ਮਿਰਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪਹੁੰਚੇ।