ਜਦੋਂ ਵੀ ਅਸੀਂ ਕੋਈ ਅਖਬਾਰ ਪੜ੍ਹਦੇ ਹਾਂ ਜਾਂ ਟੈਲੀਵਿਜ਼ਨ ਦੇਖਦੇ ਹਾਂ ਤਾਂ ਸੜਕ ਹਾਦਸੇ ਸਬੰਧੀ ਖਬਰਾਂ ਜ਼ਰੂਰ ਦੇਖਣ ਸੁਣਨ ਨੂੰ ਮਿਲਦੀਆਂ ਹਨ। ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈਂਦੇ। ਜਦੋਂ ਕਦੇ ਕਿਸੇ ਸੜਕ ਹਾਦਸੇ ਵਿੱਚ ਕੋਈ ਇੱਕ ਵੀ ਜਾਨ ਜਾਂਦੀ ਹੈ ਤਾਂ ਸਾਡਾ ਮਨ ਝੰਜੋੜਿਆ ਜਾਂਦਾ ਹੈ ਪਰ ਜੇਕਰ ਇਕੱਠੇ ਹੀ 6 ਨੌਜਵਾਨਾਂ ਦੀ ਜਾਨ ਚਲੀ ਜਾਵੇ ਤਾਂ ਉਹ ਦ੍ਰਿਸ਼ ਕਿਹੋ ਜਿਹਾ ਹੋਵੇਗਾ?
ਇਨ੍ਹਾਂ ਮਿਰਤਕਾਂ ਦੇ ਪਰਿਵਾਰ ਦੇ ਜੀਆਂ ਦਾ ਕੀ ਹਾਲ ਹੋਵੇਗਾ? ਇਹ ਮੰਦਭਾਗੀ ਘਟਨਾ ਵਾਪਰੀ ਹੈ, ਹਰਿਆਣਾ ਵਿੱਚ। ਜਿੱਥੇ ਫਰੀਦਾਬਾਦ ਦੇ ਪਾਲੀ ਰੋਡ ਤੇ ਆਲਟੋ ਕਾਰ ਸਵਾਰ 6 ਦੋਸਤ ਇਕੱਠੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਹਾਦਸਾ ਆਲਟੋ ਕਾਰ ਦੇ ਡੰਪਰ ਨਾਲ ਟਕਰਾਉਣ ਕਾਰਨ ਵਾਪਰਿਆ ਹੈ।
ਜਾਣਕਾਰੀ ਮਿਲੀ ਹੈ ਕਿ ਪਲਵਲ ਦੇ ਰਹਿਣ ਵਾਲੇ 6 ਦੋਸਤ ਰਾਤ ਸਮੇਂ ਗੁਰੂਗਰਾਮ ਵਿਖੇ ਜਨਮ ਦਿਨ ਦੀ ਪਾਰਟੀ ਕਰਨ ਲਈ ਜਾ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦਾ ਜਨਮ ਦਿਨ ਸੀ। ਜਦੋਂ ਇਹ ਨੌਜਵਾਨ ਫਰੀਦਾਬਾਦ ਦੇ ਪਾਲੀ ਰੋਡ ਤੇ ਪਹੁੰਚੇ ਤਾਂ ਇਨ੍ਹਾਂ ਦੀ ਆਲਟੋ ਇੱਕ ਡੰਪਰ ਨਾਲ ਜਾ ਵੱਜੀ।
ਜਿਸ ਨਾਲ ਆਲਟੋ ਦੇ ਪਰਖਚੇ ਉਡ ਗਏ ਅਤੇ ਸਾਰੇ ਦੋਸਤ ਮੌਕੇ ਤੇ ਹੀ ਦਮ ਤੋੜ ਗਏ। ਮਿਰਤਕਾਂ ਦੀ ਪਛਾਣ ਪੂਤਿਨ, ਜਤਿਨ, ਸੰਦੀਪ, ਬਲਜੀਤ, ਅਕਾਸ਼ ਅਤੇ ਵਿਸ਼ਾਲ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 18 ਤੋਂ 26 ਸਾਲ ਦੇ ਵਿਚਕਾਰ ਸੀ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ।
ਮਿਰਤਕ ਦੇਹਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਮਾਹੌਲ ਗਮਗੀਨ ਹੈ।