ਕਰਨਾਟਕ ਦੇ ਬੂਵਨਹੱਲੀ ਪਿੰਡ ਵਿੱਚ ਰੋਡਵੇਜ਼ ਦੇ ਬੱਸ ਡਰਾਈਵਰ ਅਰੁਣ ਕੁਮਾਰ ਦੇ ਘਰ 8 ਜਨਵਰੀ 1986 ਨੂੰ ਪੈਦਾ ਹੋਏ ਯਸ਼ ਅੱਜ ਕੰਨੜ ਫਿਲਮਾਂ ਵਿੱਚ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਮਸ਼ਹੂਰ ਹੋ ਚੁੱਕੇ ਹਨ। ਅੱਜ ਉਨ੍ਹਾਂ ਦੀ ਗਿਣਤੀ ਚੋਟੀ ਦੇ ਉਨ੍ਹਾਂ ਅਦਾਕਾਰਾਂ ਵਿੱਚ ਹੁੰਦੀ ਹੈ, ਜਿਹੜੇ ਫਿਲਮਾਂ ਵਿੱਚ ਕੰਮ ਕਰਨ ਬਦਲੇ ਚੋਖੀ ਰਕਮ ਵਸੂਲਦੇ ਹਨ।

ਸੁਪਰ ਸਟਾਰ ਯਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਫਿਲਮ ਵਿੱਚ ਕੰਮ ਕਰਨ ਬਦਲੇ 20-25 ਕਰੋੜ ਰੁਪਏ ਮਿਹਨਤਾਨਾ ਲੈਂਦੇ ਹਨ। ਯਸ਼ ਨੂੰ ਰੌਕੀ ਭਾਈ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਇਹ ਨਾਮ ਉਨ੍ਹਾਂ ਦੇ ਨਾਮ ਨਾਲ ਫਿਲਮ ਵਿੱਚ ਰੌਕੀ ਦਾ ਕਿਰਦਾਰ ਨਿਭਾਉਣ ਕਾਰਨ ਜੁੜ ਗਿਆ।

ਯਸ਼ ਨੇ ਮਹਾਜਨ ਐਜੂਕੇਸ਼ਨ ਸੁਸਾਇਟੀ ਤੋਂ ਪ੍ਰੀ-ਯੂਨੀਵਰਸਿਟੀ ਦੀ ਪੜ੍ਹਾਈ ਕੀਤੀ ਅਤੇ ਪ੍ਰਸਿੱਧ ਨਾਟਕਕਾਰ ‘ਬੀ ਵੀ ਕਰੰਥ’ ਦੀ ‘ਬੇਨਾਕਾ ਨਾਟਕ ਮੰਡਲੀ’ ਨਾਲ ਜੁੜ ਗਏ। ਜਿਸ ਸਦਕਾ ਉਹ ਅਦਾਕਾਰੀ ਦੇ ਖੇਤਰ ਵਿੱਚ ਅੱਗੇ ਵਧਣ ਲੱਗੇ। ਇਸ ਅਦਾਕਾਰੀ ਦੀ ਚੇਟਕ ਕਾਰਨ ਹੀ ਉਨ੍ਹਾਂ ਨੂੰ 2004 ਵਿੱਚ ਕੰਨੜ ਟੀ ਵੀ ਸੀਰੀਅਲ ‘ਨੰਦਾ ਗੋਕੁਲ’ ਵਿੱਚ ਕੰਮ ਮਿਲ ਗਿਆ।

ਇਸ ਨਾਟਕ ਵਿੱਚ ਕੰਮ ਕਰਨ ਕਰਕੇ ਜਿੱਥੇ ਉਨ੍ਹਾਂ ਦੀ ਅਦਾਕਾਰੀ ਦੇ ਖੇਤਰ ਵਿੱਚ ਐੰਟਰੀ ਹੋ ਗਈ, ਉੱਥੇ ਹੀ ਉਨ੍ਹਾਂ ਦੇ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਹੋਈ। ਇੱਥੇ ਯਸ਼ ਦੀ ਮੁਲਾਕਾਤ ਅਦਾਕਾਰਾ ਰਾਧਿਕਾ ਪੰਡਤ ਨਾਲ ਹੋਈ ਅਤੇ ਦੋਵਾਂ ਦੀ ਦੋਸਤੀ ਹੋ ਗਈ। ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵਾਂ ਨੇ 2016 ਵਿੱਚ ਪਰੇਮ ਵਿਆਹ ਕਰਵਾ ਲਿਆ।

ਇਨ੍ਹਾਂ ਦੇ 2 ਬੱਚੇ ਹਨ। 2007 ਵਿੱਚ ਯਸ਼ ਦੀ ਪਹਿਲੀ ਕੰਨੜ ਫਿਲਮ ‘ਜਮਬੜਾ ਹੂਦਗੀ’ ਆਈ। ਫੇਰ 2008 ਵਿੱਚ ਕੰਨੜ ਫਿਲਮ ‘ਮੋਗਿਨਾ ਮਨਾਸੂ’ ਆਈ। ਹੁਣ ਤੱਕ ਯਸ਼ ਦੀਆਂ ਦਰਜਨ ਦੇ ਲਗਭਗ ਫਿਲਮਾਂ ਸੁਪਰਹਿੱਟ ਹੋ ਚੁੱਕੀਆਂ ਹਨ। ਕੰਨੜ ਫਿਲਮ ‘ਕੇ ਜੀ ਐੱਫ’ ਨੇ ਯਸ਼ ਨੂੰ ਬੁਲੰਦੀ ਤੇ ਪੁਚਾ ਦਿੱਤਾ।

‘ਕੇ ਜੀ ਐੱਫ’ ਦੇਖ ਕੇ ਦਰਸ਼ਕ ਯਸ਼ ਦੇ ਦੀਵਾਨੇ ਹੋ ਗਏ। ਹਰ ਪਾਸੇ ਮੰਗ ਹੋਣ ਲੱਗੀ ਕਿ ਜਲਦੀ ਚੈਪਟਰ ਕੇ ਜੀ ਐੱਫ 2 ਬਣਾਈ ਜਾਵੇ। ਅਖੀਰ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ‘ਕੇ ਜੀ ਐੱਫ 2’ ਰਿਲੀਜ਼ ਕਰ ਦਿੱਤੀ ਗਈ। ਇਹ ਫਿਲਮ ਸਿਰਫ ਕੰਨੜ ਭਾਸ਼ਾ ਵਿੱਚ ਹੀ ਨਹੀਂ ਸਗੋਂ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਈ ਹੈ।

ਅੱਜਕੱਲ੍ਹ ਯਸ਼ ਇੱਕ ਫਿਲਮ ਵਿੱਚ ਕੰਮ ਕਰਨ ਬਦਲੇ 20-25 ਕਰੋੜ ਰੁਪਏ ਮਿਹਨਤਾਨਾ ਲੈੰਦੇ ਹਨ। ਇਸ ਤੋਂ ਬਿਨਾਂ ਉਹ ਐਡ ਤੋਂ ਵੀ ਕਮਾਈ ਕਰਦੇ ਹਨ। ਉਨ੍ਹਾਂ ਨੇ ‘ਕੇ ਜੀ ਐੱਫ’ ਫਿਲਮ ਵਿੱਚ ਕੰਮ ਕਰਨ ਬਦਲੇ 6 ਕਰੋਡ਼ ਰੁਪਏ ਲਏ ਸਨ, ਜਦਕਿ ‘ਕੇ ਜੀ ਐੱਫ ਚੈਪਟਰ 2’ ਦੀ ਫੀਸ 30 ਕਰੋੜ ਰੁਪਏ ਲਈ ਸੀ।

ਉਹ 50 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦਾ ਬੈਂਗਲੁਰੂ ਵਿੱਚ 4 ਕਰੋੜ ਰੁਪਏ ਦਾ ਬੰਗਲਾ ਹੈ। ਜਿਸ ਵਿੱਚ ਉਨ੍ਹਾਂ ਨੇ 2021 ਵਿੱਚ ਰਿਹਾਇਸ਼ ਕੀਤੀ ਹੈ। ਯਸ਼ ਨੂੰ ਮਹਿੰਗੀਆਂ ਗੱਡੀਆਂ ਰੱਖਣ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਕੋਲ ਇੱਕ ਕਰੋੜ ਰੁਪਏ ਕੀਮਤ ਦੀ ਔਡੀ ਕਿਊ 7, ਲਗਭਗ 80 ਲੱਖ ਰੁਪਏ ਦੀ ਰੇੰਜ ਰੋਵਰ,

70 ਲੱਖ ਰੁਪਏ ਦੀ ਬੀਐੱਮਡਬਲਯੂ, 40 ਲੱਖ ਰੁਪਏ ਦੀ ਪਜੈਰੋ ਸਪੋਰਟਸ, 85 ਲੱਖ ਰੁਪਏ ਦੀ ਮਰਸਿਡੀਜ ਬੈਂਜ ਡੀਐੱਲਐੱਸ ਅਤੇ 78 ਲੱਖ ਰੁਪਏ ਦੀ ਮਰਸਿਡੀਜ ਬੈੰਜ ਜੀਐੱਲਸੀ ਆਦਿ ਮਹਿੰਗੀਆਂ ਕਾਰਾਂ ਹਨ। ਯਸ਼ ਇੱਕ ਸ਼ਾਹੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਹ ਕੰਨੜ ਫਿਲਮਾਂ ਤੋਂ ਅਦਾਕਾਰੀ ਸ਼ੁਰੂ ਕਰਕੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ ਵਿੱਚ ਸਫਲ ਰਹੇ ਹਨ।