ਭਾਵੇਂ ਕਿਸੇ ਵੀ ਭਾਸ਼ਾ ਦੀ ਫਿਲਮ ਹੋਵੇ, ਉਸ ਵਿੱਚ ਹਾਸਰਸ ਦਾ ਹੋਣਾ ਜ਼ਰੂਰੀ ਹੈ। ਕਮੇਡੀ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਇਹ ਕਲਾ ਕਿਸੇ ਵਿਰਲੇ ਟਾਂਵੇਂ ਵਿਅਕਤੀ ਦੇ ਹਿੱਸੇ ਹੀ ਆਉੰਦੀ ਹੈ। ਅੱਜ ਅਸੀਂ ਟਾਲੀਵੁੱਡ ਦੇ ਇੱਕ ਅਜਿਹੇ ਅਦਾਕਾਰ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਫਿਲਮਾਂ ਵਿੱਚ ਕਮੇਡੀ ਕੀਤੀ, ਮਿਮਿੱਕਰੀ ਕੀਤੀ ਅਤੇ ਮੁੱਖ ਕਿਰਦਾਰ ਵੀ ਨਿਭਾਏ।
ਇਸ ਅਦਾਕਾਰ ਦਾ ਨਾਮ ਹੈ ਕੰਨੇਗੰਤੀ ਬ੍ਰਹਮਾਨੰਦਮ। ਆਮ ਕਰਕੇ ਉਨ੍ਹਾਂ ਨੂੰ ਬ੍ਰਹਮਾਨੰਦਮ ਦੇ ਨਾਮ ਨਾਲ ਹੀ ਜਾਣਿਆਂ ਜਾਂਦਾ ਹੈ। ਇਹ ਉਹ ਸ਼ਖਸ਼ ਹੈ, ਜਿਨ੍ਹਾਂ ਨੂੰ ਪਦਮਸ਼੍ਰੀ ਮਿਲਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ। ਉਨ੍ਹਾਂ ਨੂੰ ਲਗਭਗ 1000 ਫਿਲਮਾਂ ਵਿੱਚ ਕੰਮ ਕਰਨ ਦਾ ਮਾਣ ਹਾਸਲ ਹੈ।
ਭਾਵੇਂ ਉਹ ਐੱਮ ਏ ਕਰਨ ਉਪਰੰਤ ਲੈਕਚਰਾਰ ਲੱਗ ਗਏ ਪਰ ਕਲਾ ਦੇ ਸ਼ੌਕ ਨੇ ਉਨ੍ਹਾਂ ਨੂੰ ਥੀਏਟਰ ਨਾਲ ਵੀ ਜੋੜੀ ਰੱਖਿਆ। ਉਹ ਮੀਮਿੱਕਰੀ ਵੀ ਕਰਦੇ ਰਹੇ। ਉਨ੍ਹਾਂ ਦਾ ਜਨਮ 1 ਫਰਵਰੀ 1956 ਨੂੰ ਆਂਧਰਾ ਪ੍ਰਦੇਸ਼ ਦੇ ਸੱਤੇਨਪੱਲੇ ਵਿੱਚ ਨਾਗਲਿੰਗਾਚਾਰੀ ਅਤੇ ਲਕਸ਼ਮੀ ਨਰਸੰਮਾ ਦੇ ਘਰ ਹੋਇਆ। ਬ੍ਰਹਮਾਨੰਦਮ ਦੇ ਪਿਤਾ ਲੱਕੜ ਦਾ ਕੰਮ ਕਰਦੇ ਸਨ।
ਬ੍ਰਹਮਾਨੰਦਮ ਸਮੇਤ ਉਨ੍ਹਾਂ ਦੇ 8 ਬੱਚੇ ਸਨ। ਜਦੋਂ ਉਹ ਐੱਮ ਏ ਕਰਕੇ ਲੈਕਚਰਾਰ ਹੁੰਦੇ ਹੋਏ ਵੀ ਥੀਏਟਰ ਅਤੇ ਮਿਮਿੱਕਰੀ ਕਰਦੇ ਸਨ ਤਾਂ ਇੱਕ ਨਾਵਲਕਾਰ ਅਤੇ ਨਾਟਕਕਾਰ ਵਿਸ਼ਣੂ ਨੇ ਉਨ੍ਹਾਂ ਨੂੰ ਦੂਰਦਰਸ਼ਨ ਦੇ ਐੱਨਸੀਵੀ ਸ਼ਸ਼ੀਧਰ ਨਾਲ ਮਿਲਵਾਇਆ। ਜਿਸ ਸਦਕਾ ਉਨ੍ਹਾਂ ਨੇ 1985 ਵਿੱਚ ਡੀ ਡੀ ਤੇਲਗੂ ਦੇ ਪੱਕਾਪਕਾਲੂ ਦੇ ਨਾਲ ਟੈਲੀਵਿਜ਼ਨ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ।
ਜਿਸ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ। ਇਸ ਨੂੰ ਦੇਖਦੇ ਹੋਏ ਡਾਇਰੈਕਟਰ ਜੰਧਿਆਲਾ ਨੇ ਬ੍ਰਹਮਾਨੰਦਮ ਨੂੰ 1987 ਵਿੱਚ ਫਿਲਮ ‘ਅਹਾ ਨਾ ਪੇਲੰਟਾ’ ਵਿੱਚ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਸ਼੍ਰੀ ਤੱਤਵਾਵਤਾਰਮ’ ਅਤੇ ‘ਸੱਤਿਆਗ੍ਰਹਿਮ’ ਫਿਲਮਾਂ ਵੀ ਕੀਤੀਆਂ। ਬਸ ਇੱਥੋਂ ਹੀ ਉਨ੍ਹਾਂ ਦੀ ਸਫਲਤਾ ਦਾ ਦੌਰ ਸ਼ੁਰੂ ਹੋ ਗਿਆ।
1988 ਵਿੱਚ ਹੀ ਉਨ੍ਹਾਂ ਨੇ ਤੇਲਗੂ ਫਿਲਮਾਂ ‘ਵਿਵਾਹ ਭੋਜਨੰਬੂ, ਚੋਪੁਲੂ ਕਲਿਸਿਨਾ ਸ਼ੁਭ ਵੇਲਾ ਅਤੇ ਬੰਧੁਵੁਲੋਸਤੁਨਾਰੂ ਜਗਰਾਥਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 1989 ਵਿੱਚ ਉਹ ‘ਮੁਦੁਲਾ ਮਵੈਈਆ’ ਅਤੇ 1990 ਵਿੱਚ ਜਗਦੇਕਾ ਵੀਰੁਦੂ ਅਤਿਲੋਕਾ ਸੁੰਦਰੀ, ਬੋਬਿੱਲੀ ਰਾਜਾ ਅਤੇ ਬੰਮਾ ਮਾਤਾ ਬੰਗਾਰੂ ਬਾਤ ਵਿੱਚ ਨਜ਼ਰ ਆਏ। ਉਨ੍ਹਾਂ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ।
ਉਨ੍ਹਾਂ ਨੇ ਹਾਸਰਸ ਕਿਰਦਾਰ ਦੇ ਨਾਲ ਨਾਲ ਹੋਰ ਵੀ ਕਿਰਦਾਰ ਕੀਤੇ। 1991 ਵਿੱਚ ਉਨ੍ਹਾਂ ਦੀਆਂ ਕਸ਼ਣ ਕਸ਼ਣਮ ਅਤੇ ਰਾਉਡੀ ਅੱਲੁਡੂ ਫਿਲਮਾਂ ਅਈਆਂ। ਉਨ੍ਹਾਂ ਦੀਆਂ ਫਿਲਮਾਂ ਜੰਬਾ ਲਕਿਦੀ ਪੰਥਾ ਅਤੇ ਯਮਲੀਲਾ ਅਜਿਹੀਆਂ ਫਿਲਮਾਂ ਕਹੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਵਾਰ ਵਾਰ ਦੇਖ ਕੇ ਵੀ ਦਰਸ਼ਕ ਅੱਕਦੇ ਨਹੀਂ। 1992 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਫਿਲਮ ‘ਬਾਬਈ ਹੋਟਲ’ ਵਿੱਚ ਮੁੱਖ ਭੂਮਿਕਾ ਨਿਭਾਈ।
ਅਗਲੇ ਸਾਲ ਉਨ੍ਹਾ ਨੂੰ ਪਹਿਲਾ ਸਰਵਸਰੇਸ਼ਠ ਪੁਰਸ਼ ਹਾਸਰਸ ਅਦਾਕਾਰ ਦਾ ਨੰਦੀ ਪੁਰਸਕਾਰ ਪ੍ਰਾਪਤ ਹੋਇਆ। 1994 ਵਿੱਚ ਉਹ ‘ਮਨੀ ਮਨੀ’ ਅਤੇ ‘ਹੈਲੋ ਬ੍ਰਦਰ’ ਵਿੱਚ ਵੀ ਨਜ਼ਰ ਆਏ। ਅੱਲੁਦਾ ਮਾਜਾਕਾ, ਇੰਟਲੋ ਇੱਲੂ ਵੰਤਿੰਤਲੋ ਪ੍ਰਿਉਰਲੂ, ਬੰਬੇ ਪ੍ਰਿਊਡ, ਅਨਾਗਨਾਗਾ ਓਕਾ ਰੋਜੂ, ਮੁਦੁਲਾ ਮੋਗੁਡੂ, ਬਵਾਗਰੂ ਬਗੁਨਨਾਰਾ, ਆਵਿਦਾ ਮਾਂ ਆਵਿਦੇ, ਥੰਮੁਡੂ, ਕਸ਼ੇਮਮਗਾ ਵੇਲੀ ਲਭਮਗਾ ਰੰਡੀ, ਜੈਅੰਮ ਮਨਾਡੇਰਾ, ਕਾਲੀ ਸੁੰਦਮਰਾ ਅਤੇ ਅੰਮੋ!
ਓਕਾਟੋ ਤਾਰੀਖੂ ਆਦਿ ਉਨ੍ਹਾਂ ਦੀਆਂ ਕੁਝ ਹੋਰ ਸਫਲ ਫਿਲਮਾਂ ਹਨ। ਨਾਗਾਰਜੁਨ ਯੂਨੀਵਰਸਿਟੀ ਦੁਆਰਾ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ 6 ਸਟੇਟ ਅਵਾਰਡ, ਇੱਕ ਦੱਖਣੀ ਫਿਲਮਫੇਅਰ ਅਵਾਰਡ ਅਤੇ 6 ਸਿਨੇਮਾ ਪੁਰਸਕਾਰ ਮਿਲ ਚੁੱਕੇ ਹਨ। 2019 ਵਿੱਚ ਉਨ੍ਹਾਂ ਨੂੰ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਹਾਰਟ ਬਾਈਪਾਸ ਸਰਜਰੀ ਕਰਵਾਉਣੀ ਪਈ ਜੋ ਸਫਲ ਰਹੀ।
ਉਹ ਮੂਰਤੀਆਂ ਬਣਾਉਣ ਅਤੇ ਸਕੈੱਚ ਕਲਾਕਾਰੀ ਦੇ ਵੀ ਸ਼ੁਕੀਨ ਹਨ। ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਸਵਾਮੀ ਵਿਵੇਕਾਨੰਦ ਅਤੇ ਜਿੱਦੂ ਕ੍ਰਿਸ਼ਨਾ ਮੂਰਤੀ ਦੀਆਂ ਲਿਖਤਾਂ ਵੀ ਪੜ੍ਹਦੇ ਹਨ। ਉਨ੍ਹਾਂ ਦੀ ਪਤਨੀ ਦਾ ਨਾਮ ਲਕਸ਼ਮੀ ਹੈ। ਉਨ੍ਹਾਂ ਦੇ 2 ਪੁੱਤਰ ਹਨ। ਜਿਨ੍ਹਾਂ ਦੇ ਨਾਮ ਰਾਜਾ ਗੌਤਮ ਅਤੇ ਸਿਧਾਰਥ ਹਨ। ਗੌਤਮ ਵੀ ਅਦਾਕਾਰੀ ਦੇ ਖੇਤਰ ਵਿੱਚ ਸਰਗਰਮ ਹੈ।